
ਸਮਰਾਲਾ, 26 ਮਈ ( ਗੋਪਾਲ ਸੋਫਤ) - ਅੱਜ ਪੰਜਾਬ ਪੁਲਿਸ ਨੇ ਲੁਧਿਆਣਾ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੰਨਾ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਰੈਲੀ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਘਰਾਂ ਚ ਨਜ਼ਰਬੰਦ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਦੀ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਅਤੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਨੂੰ ਘਰ ਚ ਨਜ਼ਰਬੰਦ ਕਰ ਲਿਆ ਹੈ ਜਦੋਂ ਕਿ ਹੋਰਨਾਂ ਆਗੂਆਂ ਤੋਂ ਅੱਜੇ ਸੂਚਨਾਵਾਂ ਪ੍ਰਾਪਤ ਹੋਣੀਆਂ ਹਨ। ਰਾਜੇਵਾਲ ਨੇ ਪੁਲਿਸ ਦੇ ਇਸ ਐਕਸ਼ਨ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਭੰਗ ਕਰ ਰਹੀ ਹੈ ਜਦੋਂ ਕਿ ਦੇਸ਼ ਦੇ ਨਾਗਰਿਕ ਕਿਸਾਨਾਂ ਦੇ ਸੰਵਿਧਾਨਿਕ ਅਧਿਕਾਰ ਨੂੰ ਜ਼ਬਰਦਸਤੀ ਖੋਹ ਕੇ ਪੁਲਿਸ ਗੈਰ ਸੰਵਿਧਾਨਿਕ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਹਦਾਇਤ 'ਤੇ ਪੰਜਾਬ ਪੁਲਿਸ ਵਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਗੈਰ ਸੰਵਿਧਾਨਿਕ ਗਤੀਵਿਧੀਆਂ ਦੇ ਨਾਲ ਪੰਜਾਬ ਦੇ ਵੋਟਰਾਂ ਵਿਸ਼ੇਸ਼ ਕਰਕੇ ਕਿਸਾਨਾਂ ਵਿਚ ਰੋਹ ਪੈਦਾ ਕੀਤਾ ਜਾ ਰਿਹਾ ਹੈ, ਜਿਸ ਦਾ ਭਾਰੀ ਖਮਿਆਜ਼ਾ ਦੋਵਾਂ ਸਰਕਾਰਾਂ ਨੂੰ ਭੁਗਤਣਾ ਪਵੇਗਾ।