17 ਮਈ ਨੂੰ ਹੋਵੇਗੀ ਇਮਰਾਨ ਖ਼ਾਨ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ
ਇਸਲਾਮਾਬਾਦ, 15 ਮਈ- ਪਾਕਿਸਤਾਨ ਦੀ ਇਕ ਅਦਾਲਤ ਨੇ ਅੱਜ ਅਦਿਆਲਾ ਜੇਲ੍ਹ ਵਿਚ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖ਼ਿਲਾਫ਼ 190 ਮਿਲੀਅਨ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇੱਥੇ ਅਗਸਤ ਮਹੀਨੇ ਤੋਂ ਇਮਰਾਨ ਖਾਨ ਬੰਦ ਹਨ। ਜਾਣਕਾਰੀ ਅਨੁਸਾਰ ਅਦਿਆਲਾ ਜੇਲ੍ਹ ਦੇ ਸੁਪਰਡੈਂਟ ਨੇ ਸੁਣਵਾਈ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ, ਜਿਸ ਨੂੰ ਇਸਲਾਮਾਬਾਦ ਦੀ ਅਦਾਲਤ ਨੇ ਸਵੀਕਾਰ ਕਰ ਲਿਆ। ਬੇਨਤੀ ਵਿਚ ਜੇਲ੍ਹ ਸੁਪਰਡੈਂਟ ਨੇ ਪਾਬੰਦੀਸ਼ੁਦਾ ਜਥੇਬੰਦੀਆਂ ਵਲੋਂ ਪੰਜਾਬ ਦੀਆਂ ਜੇਲ੍ਹਾਂ ਨੂੰ ਖ਼ਤਰੇ ਦੀਆਂ ਖ਼ਬਰਾਂ ਦਾ ਹਵਾਲਾ ਦਿੱਤਾ ਹੈ। ਅਡਿਆਲਾ ਜੇਲ੍ਹ ਸੂਬੇ ਦੀ ਸਭ ਤੋਂ ਸੰਵੇਦਨਸ਼ੀਲ ਜੇਲ੍ਹ ਹੈ। ਇਸ ਵਿਚ ਸੱਤ ਹਜ਼ਾਰ ਤੋਂ ਵੱਧ ਕੈਦੀ ਹਨ। ਮਾਮਲੇ ਦੀ ਹੁਣ ਸੁਣਵਾਈ 17 ਮਈ ਨੂੰ ਹੋਵੇਗੀ।