ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵਿਰੁੱਧ ਧਰਨਾ ਲਗਾਕੇ ਕੀਤਾ ਰੋਸ ਪ੍ਰਦਰਸ਼ਨ
ਜੈਤੋ, 20 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜੈਤੋ, ਬਲਾਕ ਬਾਜਾਖਾਨਾ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਜੈਤੋ ਦੇ ਅਹੁਦੇਦਾਰਾਂ ਤੇ ਕਿਸਾਨਾਂ ਨੇ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਸਥਿਤ ਐਸ.ਡੀ.ਐਮ ਦੇ ਦਫ਼ਤਰ ਅੱਗੇ ਧਰਨਾ ਲਗਾਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮਾਨ ਸਰਕਾਰ ਵਲੋਂ ਪਰਾਲੀ ਨੂੰ ਸੰਭਾਲਣ ਲਈ ਸੋਠ ਕਦਮ ਨਹੀਂ ਚੁੱਕਿਆ, ਜਿਸ ਕਰਕੇ ਕਿਸਾਨਾਂ ਨੂੰ ਮਜਬੂਰਨ ਅੱਜ ਪਰਾਲੀ ਨੂੰ ਸਾੜਣਾ ਪੈ ਰਿਹਾ ਹੈ।ਸਰਕਾਰ ਕਿਸਾਨਾਂ ’ਤੇ ਪਰਚੇ ਦਰਜ ਕਰ ਰਹੀ ਹੈ ਦੇ ਵਿਰੋਧ ਵਿਚ ਜਥੇਬੰਦੀਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਪ੍ਰਦਰਸ਼ਨ ਵਿਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਾਜਾਖਾਨਾ ਦੇ ਪ੍ਰਧਾਨ ਜਸਵਿੰਦਰ ਸਿੰਘ ਦਬੜੀਖਾਨਾ ਨੇ ਸਾਥੀਆਂ ਸਮੇਤ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕੀਤਾ। ਇਸ ਮੌਕੇ ਕਿਸਾਨਾਂ ਨੇ ਨਾਇਬ ਤਹਿਸੀਲਦਾਰ ਸਿੰਕਦਰ ਸਿੰਘ ਨੂੰ ਪੰਜਾਬ ਸਰਕਾਰ ਦੇ ਨਾਮ ’ਤੇ ਇਕ ਮੰਗ ਪੱਤਰ ਸੌਂਪਿਆ।