ਰਾਸ਼ਟਰੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਸਕੂਲ ਆਫ਼ ਐਮੀਨੈਂਸ ਦੇ 2 ਵਿਦਿਆਰਥੀਆਂ ਨੇ ਜਿੱਤੇ ਚਾਂਦੀ ਦੇ ਤਗਮੇ
ਫਗਵਾੜਾ, 17 ਸਤੰਬਰ (ਹਰਜੋਤ ਸਿੰਘ ਚਾਨਾ)- ਇੰਦੌਰ, ਮੱਧ ਪ੍ਰਦੇਸ਼ ਵਿਖੇ 8 ਤੋਂ 12 ਸਤੰਬਰ ਤੱਕ ਕਰਵਾਈ ਗਈ ਸੀਨੀਅਰ ਤੇ ਮਾਸਟਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਸਕੂਲ ਆਫ਼ ਐਮੀਨੈਂਸ ਫਗਵਾੜਾ ਦੇ ਦੋ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦੇ ਤਗਮੇ ਹਾਸਲ ਕਰਕੇ ਸਕੂਲ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ | ਸਕੂਲ ਦੀ 12ਵੀਂ ਜਮਾਤ ਆਰਟਸ ਦੀ ਵਿਦਿਆਰਥਣ ਬਿੰਦੀਆ ਅਤੇ ਵਿਦਿਆਰਥੀ ਜਸਕਰਨ ਨੇ ਵੱਖ-ਵੱਖ ਸੂਬਿਆਂ ਦੀਆਂ ਟੀਮਾਂ ਨਾਲ ਮੁਕਾਬਲਾ ਕਰਦਿਆਂ ਸਿਲਵਰ ਮੈਡਲ ਜਿੱਤੇ | ਦੋਵਾਂ ਨੇ ਕੋਚ ਪਿ੍ੰਸ ਕੌਲ ਤੇ ਸਕੂਲ ਦੇ ਪਿ੍ੰਸੀਪਲ ਰਣਜੀਤ ਕੁਮਾਰ ਗੋਗਨਾ ਦੀ ਅਗਵਾਈ ਹੇਠ ਚੈਂਪੀਅਨਸ਼ਿਪ ‘ਚ ਭਾਗ ਲਿਆ | ਸਕੂਲ ਪਹੁੰਚਣ ‘ਤੇ ਪਿ੍ੰਸੀਪਲ ਰਣਜੀਤ ਕੁਮਾਰ ਗੋਗਨਾ ਤੇ ਸਮੂਹ ਸਟਾਫ਼ ਵੱਲੋਂ ਦੋਵਾਂ ਖਿਡਾਰੀਆਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ | ਪਿ੍ੰਸੀਪਲ ਨੇ ਕਿਹਾ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ‘ਚ ਵੀ ਮਿਹਨਤ ਕਰਕੇ ਰਾਸ਼ਟਰੀ ਪੱਧਰ ‘ਤੇ ਸਕੂਲ ਅਤੇ ਪੰਜਾਬ ਦਾ ਨਾਮ ਉੱਚਾ ਕਰ ਰਹੇ ਹਨ | ਇਸ ਮੌਕੇ ਲੈਕਚਰਾਰ ਪ੍ਰਵੀਨ ਸਿੰਘ ਭੁੱਟਾ ਵੱਲੋਂ ਬਿੰਦੀਆ ਨੂੰ 3,100 ਰੁਪਏ ਇਨਾਮੀ ਰਾਸ਼ੀ ਦਿੱਤੀ ਗਈ, ਜਦਕਿ ਰਕੇਸ਼ ਕੁਮਾਰ ਬੰਸਲ ਅਗਰਵਾਲ ਵੱਲੋਂ ਦੋਵਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਦੋਵਾਂ ਖਿਡਾਰੀਆਂ ਦੀ ਏਸ਼ੀਅਨ ਗੇਮਜ਼ ਲਈ ਲੱਗਣ ਵਾਲੇ ਨੈਸ਼ਨਲ ਕੈਂਪ ਵਾਸਤੇ ਚੋਣ ਵੀ ਕੀਤੀ ਗਈ ਹੈ | ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |