ਡਾ. ਚੱਬੇਵਾਲ ਵਲੋਂ ਵਿਕਾਸ ਕਾਰਜਾਂ ਸੰਬੰਧੀ ਸਰਪੰਚਾਂ ਨਾਲ ਮੀਟਿੰਗ
ਫਗਵਾੜਾ, 10 ਸਤੰਬਰ (ਚਾਨਾ)-ਰੰਗਲਾ ਪੰਜਾਬ ਪ੍ਰੋਗਰਾਮ ਤਹਿਤ ਫਗਵਾੜਾ ‘ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਜਾਇਜ਼ਾ ਲਿਆ ਤੇ ਉਨ੍ਹਾਂ ਪਾਸੋਂ ਪ੍ਰੋਜੈਕਟਾਂ ਸਬੰਧੀ ਸਰਪੰਚਾਂ ਤੋਂ ਰਿਪੋਰਟ ਲਈ | ਉਨ੍ਹਾਂ ਮੀਟਿੰਗ ‘ਚ ਕੰਮਾਂ ਬਾਰੇ ਜਾਣਕਾਰੀ ਮੰਗੀ ਤੇ ਜ਼ਮੀਨੀ ਪੱਧਰ ‘ਤੇ ਨੇੜਿਉਂ ਨਿਗਰਾਨੀ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਸਰਪੰਚਾਂ ਤੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਵਿਕਾਸ ਕਾਰਜ ਸਮੇਂ ‘ਚ ਅੰਦਰ ਮੁਕੰਮਲ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਮੌਜੂਦਾ ਮਾਲੀ ਸਾਲ ਦੌਰਾਨ ਫਗਵਾੜਾ ਹਲਕੇ ‘ਚ ਵੱਖ-ਵੱਖ ਵਿਕਾਸ ਕਾਰਜ ਕਰਵਾਉਣ ਲਈ 5 ਕਰੋੜ ਰੁਪਏ ਅਲਾਟ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਫ਼ੰਡਾਂ ਦੀ ਵਰਤੋਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਲੋਕਾਂ ਨੂੰ ਬਿਹਤਰ ਜਨਤਕ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੀ ਜਾ ਰਹੀ ਹੈ | ਚੱਬੇਵਾਲ ਨੇ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ ਕਿ ਚੱਲ ਰਹੇ ਕੰਮ ਸੁਚਾਰੂ ਢੰਗ ਨਾਲ ਮੁਕੰਮਲ ਹੋਣ ਤੇ ਰੰਗਲਾ ਪੰਜਾਬ ਪ੍ਰੋਗਰਾਮ ਦਾ ਲਾਭ ਹਰ ਯੋਗ ਪਿੰਡ ਅਤੇ ਮੁਹੱਲੇ ਤੱਕ ਪਹੁੰਚੇ |