ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਨੇ ਵੱਖ-ਵੱਖ ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ੇ ਹਟਵਾਏ
ਕਪੂਰਥਲਾ, 7 ਸਤੰਬਰ (ਅਮਨਜੋਤ ਸਿੰਘ ਵਾਲੀਆ)-ਨਗਰ ਨਿਗਮ ਦੀ ਕਮਿਸ਼ਨਰ ਅਨੂਪਮ ਕਲੇਰ ਦੇ ਦਿਸ਼ਾ ਨਿਰਦੇਸ਼ ‘ਤੇ ਸੁਪਰਡੈਂਟ ਰਵੀ ਪੰਕਜ ਸ਼ਰਮਾ ਦੀ ਅਗਵਾਈ ’ਚ ਤਹਿਬਾਜ਼ਾਰੀ ਟੀਮ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਵਾਇਆ ਤੇ ਕੁੱਝ ਰੇਹੜੀ ਫੜੀ ਤੇ ਦੁਕਾਨਦਾਰਾਂ ਦਾ ਸਾਮਾਨ ਵੀ ਜ਼ਬਤ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਇੰਦਰਜੀਤ ਸਿੰਘ ਤੇ ਇੰਸਪੈਕਟਰ ਸੰਜੇ ਧੀਰ ਨੇ ਦੱਸਿਆ ਕਿ ਨਿਗਮ ਨੂੰ ਸ਼ਿਕਾਇਤਾਂ ਆ ਰਹੀਆਂ ਸਨ ਕਿ ਵੱਖ-ਵੱਖ ਥਾਵਾਂ ‘ਤੇ ਸੜਕਾਂ ਕਿਨਾਰੇ ਦੁਕਾਨਦਾਰ ਤੇ ਰੇਹੜੀ ਫੜੀ ਵਾਲਿਆਂ ਵਲੋਂ ਨਜਾਇਜ਼ ਕਬਜ਼ੇ ਕੀਤੇ ਗਏ ਹੋਏ ਹਨ ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਮਿਲੀ ਸ਼ਿਕਾਇਤਾਂ ਦੇ ਅਧਾਰ ‘ਤੇ ਅੱਜ ਰਮਨੀਕ ਚੌਂਕ, ਫੁਹਾਰਾ ਚੌਂਕ, ਸਬਜ਼ੀ ਮੰਡੀ, ਲੱਕੜ ਬਾਜ਼ਾਰ, ਸਦਰ ਬਾਜ਼ਾਰ, ਭਗਤ ਸਿੰਘ ਚੌਂਕ ਆਦਿ ਥਾਵਾਂ ‘ਤੇ ਨਿਗਮ ਦੀ ਟੀਮ ਵਲੋਂ ਦੌਰਾ ਕੀਤਾ ਗਿਆ ਤੇ ਇਸ ਦੌਰਾਨ ਮਿੱਥੀ ਹੱਦ ਤੋਂ ਬਾਹਰ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਵਲੋਂ ਰੱਖੇ ਸਮਾਨ ਜ਼ਬਤ ਕੀਤੇ ਗਏ ਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਮਿੱਥੀ ਹੱਥ ਤੋਂ ਸਮਾਨ ਬਾਹਰ ਲਗਾਇਆ ਗਿਆ ਤਾਂ ਸਮਾਨ ਜ਼ਬਤ ਕਰਨ ਦੇ ਨਾਲ-ਨਾਲ ਚਲਾਨ ਵੀ ਕੱਟੇ ਜਾਣਗੇ | ਇਸ ਮੌਕੇ ਕਰਨਬੀਰ ਸਿੰਘ ਮੌਂਟੀ, ਨਵਜੋਤ ਸਿੰਘ, ਮਨਪ੍ਰੀਤ ਮੱਟੂ, ਗੋਰਾ, ਰਾਹੁਲ ਤੇ ਹੋਰ ਹਾਜ਼ਰ ਸਨ |