ਮੇਨ ਬਾਜ਼ਾਰ ਕਾਲਾ ਸੰਘਿਆਂ ’ਚ ਘਰ ਅੱਗੋਂ ਮੋਟਰਸਾਈਕਲ ਚੋਰੀ
ਕਾਲਾ ਸੰਘਿਆਂ, 3 ਸਤੰਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬਾ ਅਤੇ ਆਲੇ ਦੁਆਲੇ ਹੋ ਰਹੀਆਂ ਲਗਾਤਾਰ ਚੋਰੀਆਂ ਨੂੰ ਠੱਲ੍ਹ ਪਾਉਣ ਵਿਚ ਪੁਲਿਸ ਪ੍ਰਸ਼ਾਸਨ ਅਤੇ ਆਮ ਲੋਕ ਅਸਮਰਥ ਨਜ਼ਰ ਆ ਰਹੇ ਹਨ | ਅੱਜ ਸਵੇਰੇ ਮੇਨ ਬਾਜ਼ਾਰ ਕਾਲਾ ਸੰਘਿਆਂ ਸਥਿਤ ਨੰਬਰਦਾਰ ਜੈਦਰਥ ਸਿੰਘ ਸੰਘਾ ਦੇ ਘਰ ਅੱਗੋਂ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਸੰਘਾ ਨੇ ਦੱਸਿਆ ਉਹ ਘਰ ਅੱਗੇ ਮੋਟਰਸਾਈਕਲ ਖੜਾ ਕਰਕੇ ਅੰਦਰ ਖਾਣਾ ਖਾਣ ਉਪਰੰਤ ਜਦੋਂ ਵਾਪਸ ਬਾਹਰ ਨਿਕਲਿਆ ਤਾਂ ਮੋਟਰਸਾਈਕਲ ਗਾਈਬ ਸੀ ਉਸ ਦਾ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ 09 ਐਮ 1229 ਕਾਲੇ ਰੰਗ ਦਾ ਸੀ | ਪੀੜਿਤ ਨੰਬਰਦਾਰ ਸੰਘਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਦੇ ਖੂਹ ਤੋਂ ਉਸਦੀਆਂ ਮੱਝਾਂ ਚੋਰੀ ਹੋ ਗਈਆਂ ਸਨ ਜਿਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ | ਇਸ ਤਰ੍ਹਾਂ ਚਾਚੇ ਦੇ ਮੁੰਡੇ ਦਾ ਮੋਟਰਸਾਈਕਲ ਉਸਦੇ ਸੜਕ ਕਿਨਾਰੇ ਖੇਤਾਂ ਤੋਂ ਚੋਰੀ ਹੋਇਆ ਵੀ ਨਹੀਂ ਮਿਲਿਆ | ਨੰਬਰਦਾਰ ਸੰਘਾ ਨੇ ਕਿਹਾ ਕਿ ਕੁਝ ਸਮੇਂ ਵਿਚ ਹੀ ਉਨ੍ਹਾਂ ਨੂੰ ਤਿੰਨ ਵਾਰ ਚੋਰੀ ਦੀਆਂ ਵਾਰਦਾਤਾਂ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਕਿਹਾ ਕਿ ਚੋਰ ਇਨੀ ਨਿਡਰਤਾ ਨਾਲ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਕਿ ਉਨ੍ਹਾਂ ਨੂੰ ਕਿਸੇ ਦਾ ਕੋਈ ਡਰ ਭਉ ਖ਼ੌਫ਼ ਨਹੀਂ ਹੈ | 3 ਸੰਘਾ1 ਨੰਬਰਦਾਰ ਜੈਦਰਥ ਸਿੰਘ ਸੰਘਾ |