ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਹੋਵੇਗਾ-ਪਰਮਿੰਦਰ ਪਾਲ ਸਿੰਘ
ਖਲਵਾੜਾ, 29 ਅਗਸਤ (ਮਨਦੀਪ ਸਿੰਘ ਸੰਧੂ)-ਸਾਂਝਾ ਮੁਲਾਜ਼ਮ ਫ਼ਰੰਟ ਦੇ ਸੱਦੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮੀਟਿੰਗ ਦੇ ਕੇ ਮੁਕਰਨ ਅਤੇ ਛੁੱਟੀ ਤੇ ਗਏ ਅਧਿਆਪਕਾਂ ਨੂੰ ਪ੍ਰਸੋਨਲ ਵਿਭਾਗ ਵਲੋਂ ਧਮਕੀ ਭਰਿਆਂ ਪੱਤਰ ਜਾਰੀ ਕਰਨ ਦੇ ਵਿਰੋਧ ਵਿਚ ਜ਼ਿਲ੍ਹਾ ਕਪੂਰਥਲਾ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵਲੋਂ ਪਰਮਿੰਦਰ ਪਾਲ ਸਿੰਘ ਜ਼ਿਲ੍ਹਾ ਕਨਵੀਨਰ ਕਪੂਰਥਲਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇਕੱਠ ਕੀਤਾ ਗਿਆ | ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਰਕਾਰ ਵਲੋਂ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨਾ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਮਾੜੀ ਮਨਸ਼ਾ ਸਾਬਿਤ ਕਰਦੀ ਹੈ | ਇਨ੍ਹਾਂ ਹੀ ਨਹੀਂ ਮੁਲਾਜ਼ਮਾਂ ਨੂੰ ਡਰਾਉਣ ਹਿੱਤ ਪ੍ਰਸੋਨਲ ਵਿਭਾਗ ਵਲੋਂ ਉਸੇ ਵਕਤ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਕਿ ਅੱਜ ਦੇ ਧਰਨੇ ਵਿਚ ਜਿਹੜੇ ਕਰਮਚਾਰੀ ਬਿਨਾਂ ਛੁੱਟੀ ਲਏ ਹਾਜ਼ਰ ਹੋਏ ਹਨ, ਉਨ੍ਹਾਂ ਦਾ ਵੇਰਵਾ ਭੇਜਿਆ ਜਾਵੇ | ਉਨ੍ਹਾਂ ਕਿਹਾ ਕਿ ਮੁਲਾਜ਼ਮ ਸਰਕਾਰ ਦੀਆਂ ਇਹੋ ਜਿਹੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ | ਸਗੋਂ ਇਸ ਨਾਲ ਮੁਲਾਜ਼ਮਾਂ ਵਿਚ ਸਰਕਾਰ ਪ੍ਰਤੀ ਗੁੱਸਾ ਹੋਰ ਵੀ ਜ਼ਿਆਦਾ ਵੱਧ ਗਿਆ ਹੈ ਅਤੇ ਸਰਕਾਰ ਨੂੰ ਚੱਲਦਾ ਕਰਨ ਲਈ ਕਮਰ ਕੱਸੇ ਕਰੀ ਬੈਠੇ ਹਨ | ਇਸ ਮੌਕੇ ਰਛਪਾਲ ਸਿੰਘ ਨੇ ਕਿਹਾ ਕਿ ਜੇਕਰ ਮੁਲਾਜ਼ਮ ਸਰਕਾਰ ਬਣਾ ਸਕਦੇ ਹਨ ਤਾਂ 2027 ਵਿਚ ਇਸ ਨੂੰ ਚੱਲਦਾ ਕਰਨ ਲਈ ਵੀ ਤਤਪਰ ਹੋਏ ਬੈਠੇ ਹਨ | ਉਨ੍ਹਾਂ ਕਿਹਾ ਕਿ ਜੇਕਰ ਮੁਲਾਜ਼ਮ ਪਹਿਲੀਆਂ ਸਰਕਾਰਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਣ ਤੋਂ ਰੋਕ ਸਕਦੇ ਹਨ,ਤਾਂ ਤੁਹਾਨੂੰ ਵੀ ਪੌੜੀਆਂ ਚੜ੍ਹਨ ਤੋਂ ਰੋਕਣ ਦੀ ਸਮਰੱਥਾ ਰੱਖਦੇ ਹਨ | ਇਸ ਮੌਕੇ ਇਕੱਠੇ ਹੋਏ ਮੁਲਾਜ਼ਮਾਂ ਵਲੋਂ ਸਰਕਾਰ ਵਿਰੁੱਧ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਉਨ੍ਹਾਂ ਦੇ ਨਾਲ ਅਕਬਰ ਖਾਂ, ਗੌਰਵ ਰਾਠੌਰ,ਗਣੇਸ਼ ਭਗਤ, ਪਰਮਜੀਤ ਸਿੰਘ ਚੌਹਾਨ, ਜਸਵੀਰ ਭੰਗੂ, ਹਰਸਿਮਰਨ ਸਿੰਘ, ਨਰੇਸ਼ ਕੁਮਾਰ ਜੀ, ਸੁਰਿੰਦਰ ਕੁਮਾਰ, ਸਤਵੰਤ ਟੂਰਾ ਗੁਰਮੁਖ ਲੋਕਪਰੇਮੀ, ਰਵਿੰਦਰ ਸਿੰਘ, ਤੀਰਥ ਸਿੰਘ, ਕੁਲਵਿੰਦਰ ਰਾਏ, ਜਸਵੀਰ ਸਿੰਘ ਸੈਣੀ, ਦਲਜੀਤ ਸਿੰਘ ਸੈਣੀ, ਸਤਨਾਮ ਸਿੰਘ, ਪਰਮਜੀਤ ਕੌਰ, ਮਨਜੀਤ ਕੌਰ, ਗੁਰਪ੍ਰੀਤ ਕੌਰ, ਪਰਮਿੰਦਰ ਕੌਰ, ਸੁਸ਼ੀਲਾ ਜੀ, ਜਸਵਿੰਦਰ ਕੌਰ, ਪ੍ਰਵੀਨ ਕੌਰ, ਸੁਰਿੰਦਰ ਕੌਰ, ਅਤੇ ਅਰਪਿਤਾ ਦੇਵੀ ਆਦਿ ਹਾਜ਼ਰ ਸਨ |