4 ਮਹੀਨੇ ਬੀਤੇ ਜਾਣ ਦੇ ਬਾਵਜੂਦ ਪੁਲਿਸ ਵਲੋਂ ਕਾਰਵਾਈ ਨਾ ਕਰਨ ਦੇ ਦੋਸ਼ * ਪੁਲਿਸ ਕਥਿਤ ਰਾਜਸੀ ਦਬਾਅ ਹੇਠਾਂ ਕੰਮ ਕਰ ਰਹੀ ਹੈ-ਜਸਪਾਲ ਸਿੰਘ * ਮਾਮਲੇ ਵਿਚ ਲੋੜੀਂਦੀ ਕਾਰਵਾਈ ਕਰ ਦਿੱਤੀ ਗਈ ਹੈ-ਮੱਖਣ ਸਿੰਘ
ਸੁਲਤਾਨਪੁਰ ਲੋਧੀ, 4 ਅਗਸਤ (ਨਰੇਸ਼ ਹੈਪੀ)-ਜਸਪਾਲ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਬੁੱਸੋਵਾਲ ਨੇ ਜਿਲਾ ਪੁਲਿਸ ਮੁਖੀ ਕਪੂਰਥਲਾ ਅਤੇ ਥਾਣਾ ਮੁਖੀ ਸੁਲਤਾਨਪੁਰ ਲੋਧੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਉਸ ਉੱਪਰ ਹਮਲਾ ਕਰਨ ਵਾਲੇ ਪਿੰਡ ਦੇ 4 ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਆਪਣੀ ਸ਼ਿਕਾਇਤ ਵਿਚ ਜਸਪਾਲ ਸਿੰਘ ਨੇ ਦੱਸਿਆ ਕਿ 3 ਅਪ੍ਰੈਲ 2026 ਨੂੰ ਦੁਪਹਿਰ 1 ਵਜੇ ਆਪਣੇ ਮੋਟਰਸਾਈਕਲ ਤੇ ਉਹ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਸੇਵਾ ਕਰਨ ਲਈ ਜਾ ਰਿਹਾ ਸੀ ਤਾਂ ਪਿੰਡ ਚੋਂ ਨਿਕਲਦਿਆਂ ਹੀ ਪਿੰਡ ਦੇ ਇੱਕ ਵਿਅਕਤੀ ਨੇ ਉਸ ਨੂੰ ਮੋਟਰਸਾਈਕਲ ਤੋਂ ਲੱਤ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਇਨੇ ਨੂੰ ਉਸ ਦੇ ਤਿੰਨ ਹੋਰ ਸਾਥੀ ਵੀ ਇੱਕ ਕਾਰ ਵਿਚ ਮੌਕੇ ’ਤੇ ਆ ਪਹੁੰਚੇ ਜਿਨ੍ਹਾਂ ਨੇ ਇਕੱਠੇ ਹੋ ਕੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਡਰਾਇਆ ਤੇ ਧਮਕਾਇਆ | ਉਸ ਨੇ ਦੱਸਿਆ ਕਿ ਇਨੇ ਨੂੰ ਇਕ ਰਾਹਗੀਰ ਨੇ ਮੇਰੇ ਬੇਟੇ ਸਤਬੀਰ ਸਿੰਘ ਨੂੰ ਫ਼ੋਨ ਕਰਕੇ ਸੂਚਿਤ ਕੀਤਾ ਜੋ ਤੁਰੰਤ ਘਟਨਾ ਵਾਲੀ ਥਾਂ ’ਤੇ ਪੁੱਜਾ ਅਤੇ ਆਰੋਪੀ ਫ਼ਰਾਰ ਹੋ ਗਏ | ਸਤਬੀਰ ਸਿੰਘ ਨੇ ਮੈਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਜਾ ਕੇ ਦਾਖਲ ਕਰਵਾਇਆ | ਜਸਪਾਲ ਸਿੰਘ ਨੇ ਦੋਸ਼ ਲਗਾਇਆ ਕਿ ਆਰੋਪੀਆਂ ਨੇ ਉਸ ਦੀ ਪੱਗ ਵੀ ਉਤਾਰੀ ਅਤੇ ਉਸ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ | ਉਸ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਕਬੀਰਪੁਰ ਥਾਣਾ ਵਿਖੇ ਰਿਪੋਰਟ ਵੀ ਦਰਜ ਕਰਵਾਈ ਪਰੰਤੂ ਚਾਰ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕਥਿਤ ਰਾਜਸੀ ਦਬਾਅ ਹੇਠਾਂ ਆਰੋਪੀ ਵਿਰੁੱਧ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਅਤੇ ਖਾਨਾ ਪੂਰਤੀ ਲਈ ਸਿਰਫ਼ ਕੇਸ ਦਰਜ ਹੀ ਕੀਤਾ ਗਿਆ | ਜਸਪਾਲ ਸਿੰਘ ਨੇ ਦੱਸਿਆ ਕਿ ਇਸੇ ਰੰਜਿਸ਼ ਨੂੰ ਲੈ ਕੇ 29 ਅਪ੍ਰੈਲ ਨੂੰ ਮੇਰੇ ਲੜਕੇ ਸਤਬੀਰ ਸਿੰਘ ਉੱਪਰ ਵੀ ਆਰੋਪੀਆਂ ਵੱਲੋਂ ਪਿੰਡ ਵਿਚ ਹੀ ਹਮਲਾ ਕੀਤਾ ਗਿਆ ਜਿਸ ਨੇ ਨੇੜਲੇ ਕਿਸੇ ਘਰ ਵਿਚ ਲੁੱਕ ਕੇ ਆਪਣੀ ਜਾਨ ਬਚਾਈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਪੁਲਿਸ ਨੂੰ ਸਮੇਤ ਸਬੂਤਾਂ ਦਰਖਾਸਤ ਦਿੱਤੀ ਪਰ ਪਤਾ ਨਹੀਂ ਕਿਉਂ 4 ਮਹੀਨੇ ਬੀਤ ਜਾਣ ਤੇ ਵੀ ਅਜੇ ਪੁਲਿਸ ਵੱਲੋਂ ਆਰੋਪੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਜਸਪਾਲ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਨਿਆਂ ਦਵਾਇਆ ਜਾਵੇ | ਇਸ ਸੰਬੰਧ ਵਿਚ ਥਾਣਾ ਮੁਖੀ ਮਨਜੀਤ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨਿਯੁਕਤੀ ਤੋਂ ਪਹਿਲਾਂ ਦਾ ਮਾਮਲਾ ਹੈ ਅਤੇ ਉਹ ਸੰਬੰਧਿਤ ਆਈ ਓ ਨਾਲ ਗੱਲ ਕਰਕੇ ਬਣਦੀ ਕਾਰਵਾਈ ਕਰਵਾਉਣਗੇ | ਇਸ ਸੰਬੰਧ ਵਿਚ ਆਈ ਓ ਮੱਖਣ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਵਿਚ ਲੋੜੀਂਦੀ ਕਾਰਵਾਈ ਕਰ ਦਿੱਤੀ ਹੈ | ਉਨ੍ਹਾਂ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੇ ਵੀ ਰਾਜਸੀ ਦਬਾਅ ਹੋਣ ਤੋਂ ਇਨਕਾਰ ਕਰਦਿਆਂ ਇਹਨਾਂ ਦੋਸ਼ਾਂ ਨੂੰ ਝੁਠਲਾਇਆ |