ਕਪੂਰਥਲਾ, 27 ਜੁਲਾਈ (ਅਮਰਜੀਤ ਸਿੰਘ ਸਡਾਨਾ)- ਬੀਤੇ ਦਿਨੀਂ ਮਾਲ ਰੋਡ ਦੀ ਇਕ ਕੋਠੀ ਵਿਚ ਬਜ਼ੁਰਗ ਪਤੀ ਪਤਨੀ ਨੂੰ ਬੰਧਕ ਬਣਾ ਕੇ ਉਨ੍ਹਾਂ ਦੇ ਘਰੋਂ ਗਹਿਣੇ ਅਤੇ ਨਕਦੀ ਚੋਰੀ ਕਰਨ ਦੇ ਮਾਮਲੇ ਵਿਚ ਦਰਜ ਕੀਤੇ ਗਏ ਕੇਸ ਨੂੰ ਹੱਲ ਕਰਦਿਆਂ ਸਿਟੀ ਪੁਲਿਸ ਨੇ ਪਤੀ ਪਤਨੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਬੀਤੀ 8 ਜੁਲਾਈ ਨੂੰ ਪਵਨ ਕੁਮਾਰ ਵਾਸੀ ਸੰਨੀ ਸਾਈਡ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਆਪਣੀ ਪਤਨੀ ਊਸ਼ਾ ਰਾਣੀ ਨਾਲ ਘਰ ਵਿਚ ਮੌਜੂਦ ਸਨ ਤੇ ਉਨ੍ਹਾਂ ਦੇ ਘਰ ਵਿਚ ਰੰਗ ਰੋਗਣ ਦਾ ਕੰਮ ਕਰਦੇ ਕਥਿਤ ਦੋਸ਼ੀ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਬੰਧਕ ਬਣਾ ਕੇ ਸੋਨੇ ਦੇ ਗਹਿਣੇ ਤੇ ਕਰੀਬ ਢਾਈ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਤੇ ਮੌਕੇ ਤੋਂ ਫਰਾਰ ਹੋ ਗਿਆ | ਐਸ.ਐਸ.ਪੀ. ਨੇ ਦੱਸਿਆ ਕਿ ਪੇਂਟ ਦਾ ਕੰਮ ਕਰਦਾ ਕਥਿਤ ਦੋਸ਼ੀ ਰਣਜੀਤ ਸਿੰਘ ਕਈ ਸਾਲਾਂ ਤੋਂ ਸ਼ਿਕਾਇਤਕਰਤਾ ਦੇ ਘਰ ਵਿਚ ਪੇਂਟ ਦਾ ਕੰਮ ਕਰਦਾ ਆ ਰਿਹਾ ਸੀ | ਉਨ੍ਹਾਂ ਦੱਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਟੈਕਨੀਕਲ ਸੈੱਲ ਦੀ ਸਹਾਇਤਾ ਨਾਲ ਇਸ ਮੁਕੱਦਮੇ ਨੂੰ ਹੱਲ ਕੀਤਾ ਗਿਆ ਤੇ ਕਥਿਤ ਦੋਸ਼ੀ ਰਣਜੀਤ ਸਿੰਘ ਤੇ ਉਸ ਦੀ ਪਤਨੀ ਹਰਜਿੰਦਰ ਕੌਰ ਵਾਸੀਆਨ ਰਜ਼ਾਪੁਰ ਨੂੰ ਪੁਲਿਸ ਟੀਮਾਂ ਨੇ ਛਾਪੇਮਾਰੀ ਕਰਕੇ ਜਲੰਧਰ ਤੋਂ ਕਾਬੂ ਕੀਤਾ ਤੇ ਉਨ੍ਹਾਂ ਦੇ ਕਬਜੇ ਵਿਚੋਂ ਚੋਰੀ ਕੀਤੇ 17 ਤੋਲੇ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ | ਉਨ੍ਹਾਂ ਦੱਸਿਆ ਕਿ ਦੋਵਾਂ ਪਤੀ ਪਤਨੀ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ, ਜਿਨ੍ਹਾਂ ਪਾਸੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ | ਐਸ.ਐਸ.ਪੀ. ਨੇ ਦੱਸਿਆ ਕਿ ਚੋਰੀ ਕੀਤੀ ਨਗਦੀ ਵਿਚੋਂ ਕੁੱਝ ਪੈਸੇ ਇਨ੍ਹਾਂ ਨੇ ਖ਼ਰਚ ਕਰ ਲਏ ਅਤੇ ਪੁੱਛਗਿਛ ਦੌਰਾਨ ਇਨ੍ਹਾਂ ਨੇ ਗਹਿਣਿਆਂ ਵਿਚੋਂ ਤਿੰਨ ਸੋਨੇ ਦੀਆਂ ਮੁੰਦਰੀਆਂ ਵੇਚਣ ਦੀ ਗੱਲ ਵੀ ਮੰਨੀ ਹੈ | ਐਸ.ਐਸ.ਪੀ. ਨੇ ਦੱਸਿਆ ਕਿ ਕਾਬੂ ਕੀਤੇ ਰਣਜੀਤ ਸਿੰਘ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿਚ ਚੋਰੀ ਦੇ ਚਾਰ ਮੁਕੱਦਮੇ ਦਰਜ ਹਨ, ਜੋ ਕਿ ਸਾਲ 2013 ਤੋਂ 2014 ਦਰਮਿਆਨ ਥਾਣਾ ਸਿਟੀ ਵਿਖੇ ਹੀ ਦਰਜ ਹੋਏ ਹਨ, ਜਦਕਿ ਇਸ ਘਟਲਾ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ |