25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਦਸਮੇਸ਼ ਕਾਲੋਨੀ ਵਿਖੇ ਦੋ ਧਿਰਾਂ ਦਰਮਿਆਨ ਹੋਇਆ ਜ਼ਬਰਦਸਤ ਝਗੜਾ-ਗੋਲੀ ਚੱਲੀ

ਅਜੀਤ ਡੈਸਕ 16-07-2026
ਕਪੂਰਥਲਾ, 15 ਜੁਲਾਈ (ਸਡਾਨਾ)-ਬੀਤੀ ਦੇਰ ਰਾਤ ਮੁਹੱਲਾ ਦਸ਼ਮੇਸ਼ ਕਲੋਨੀ ਵਿਖੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਵਿਚ ਇਕ ਧਿਰ ਨਾਲ ਸਬੰਧਿਤ ਦੋ ਵਿਅਕਤੀ ਜਖ਼ਮੀ ਹੋ ਗਏ, ਜਦਕਿ ਇਕ ਗੱਡੀ ਦੀ ਵੀ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ ਅਤੇ ਮੌਕੇ ‘ਤੇ ਗੋਲੀਆਂ ਚੱਲਣ ਦੀ ਵੀ ਖ਼ਬਰ ਮਿਲੀ ਹੈ | ਇਸ ਸਬੰਧੀ ਦੋਵਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸ਼ਰਾਬ ਠੇਕੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਉਸ ਦੇ ਕਰਮਚਾਰੀ ਆਪਣਾ ਕੰਮ ਨਿਬੇੜਨ ਉਪਰੰਤ ਘਰ ਵਾਪਸ ਜਾ ਰਹੇ ਸਨ ਤਾਂ ਰਸਤੇ ਵਿਚ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿਹੰਗ ਦੇ ਪਿਤਾ ਨੇ ਗੱਡੀ ਰੋਕ ਕੇ ਉਸ ਦੇ ਵਿਅਕਤੀਆਂ ਨੂੰ ਉਨ੍ਹਾਂ ਦੇ ਇਲਾਕੇ ਵਿਚ ਘੁੰਮਣ ਦਾ ਕਾਰਨ ਪੁੱਛਿਆ, ਜਿਸ ਉਪਰੰਤ ਗੋਪੀ ਨਿਹੰਗ ਵੀ ਉੱਥੇ ਆ ਗਿਆ ਤੇ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਸਾਡੀ ਗੱਡੀ ਦੀ ਭੰਨਤੋੜ ਕੀਤੀ ਤੇ ਮੌਕੇ ਤੋਂ ਉਸ ਦੇ ਦੋ ਕਰਮਚਾਰੀ ਬੱਚ ਨਿਕਲੇ, ਜਦਕਿ ਦੋ ਕਰਮਚਾਰੀਆਂ ਦੀ ਮਾਰਕੁੱਟ ਕੀਤੀ ਗਈ | ਜੇਰੇ ਇਲਾਜ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਦੇ ਨਾਲ ਸੁੰਦਰ ਨਗਰ ਤੋਂ ਰਾਉਂਡ ਲਗਾ ਕੇ ਵਾਪਸ ਜਾ ਰਹੇ ਸਨ ਤਾਂ ਰਸਤੇ ਵਿਚ ਉਕਤ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਘੇਰ ਕੇ ਉਸ ਦੀ ਅਤੇ ਉਸ ਦੇ ਸਾਥੀ ਦੀ ਮਾਰਕੁੱਟ ਕੀਤੀ | ਇਸ ਸਾਰੇ ਮਾਮਲੇ ਸਬੰਧੀ ਡੀ.ਐਸ.ਪੀ. ਸੁਖਪਾਲ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਦੇਰ ਰਾਤ ਫ਼ੋਨ ‘ਤੇ ਲੜਾਈ ਦੀ ਸੂਚਨਾ ਮਿਲੀ ਤੇ ਮੌਕੇ ‘ਤੇ ਥਾਣਾ ਸਿਟੀ ਮੁਖੀ ਅਮਨਦੀਪ ਨਾਹਰ ਤੇ ਪੁਲਿਸ ਟੀਮਾਂ ਪਹੁੰਚੀਆਂ | ਡੀ.ਐਸ.ਪੀ. ਨੇ ਦੱਸਿਆ ਕਿ ਗੁਰਪ੍ਰੀਤ ਉਰਫ਼ ਗੋਪੀ ਨਿਹੰਗ ਦੇ ਪਿਤਾ ਨੇ ਠੇਕੇਦਾਰ ਰਮਨ ਕੁਮਾਰ ਦੇ ਕਰਿੰਦਿਆਂ ਨੂੰ ਵਾਰ ਵਾਰ ਉਨ੍ਹਾਂ ਦੇ ਇਲਾਕੇ ਵਿਚ ਗੱਡੀ ਘੁੰਮਾਉਣ ਦਾ ਕਾਰਨ ਪੁੱਛਿਆ, ਜਿਸ ‘ਤੇ ਉਨ੍ਹਾਂ ਦੀ ਆਪਸ ਵਿਚ ਤਕਰਾਰ ਹੋ ਗਈ | ਉਪਰੰਤ ਗੁਰਪ੍ਰੀਤ ਉਰਫ਼ ਗੋਪੀ ਤੇ ਉਸ ਦੇ ਕੁੱਝ ਸਾਥੀਆਂ ਨੇ ਕਥਿਤ ਤੌਰ ‘ਤੇ ਠੇਕੇਦਾਰ ਰਮਨ ਕੁਮਾਰ ਦੇ ਕਰਿੰਦਿਆਂ ਦੀ ਮਾਰਕੁੱਟ ਕੀਤੀ ਤੇ ਉਨ੍ਹਾਂ ਦੀ ਗੱਡੀ ਦੀ ਭੰਨ ਤੋੜ ਕੀਤੀ | ਡੀ.ਐਸ.ਪੀ. ਨੇ ਦੱਸਿਆ ਕਿ ਗੋਲੀ ਚੱਲਣ ਦੀ ਘਟਨਾ ਬਾਰੇ ਵੀ ਉਨ੍ਹਾਂ ਨੂੰ ਪਤਾ ਲੱਗਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜੀ ਧਿਰ ਵਲੋਂ ਗੋਲੀ ਚਲਾਈ ਗਈ ਹੈ ਤੇ ਪੁਲਿਸ ਨੂੰ ਉੱਥੋਂ ਦੋ ਖੋਲ ਤੇ ਇਕ ਰੌਂਦ ਵੀ ਬਰਾਮਦ ਹੋਇਆ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੇ ਨਾਲ ਪੀੜਤ ਧਿਰ ਦੇ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਡੀ.ਐਸ.ਪੀ. ਨੇ ਦੱਸਿਆ ਕਿ ਠੇਕੇਦਾਰ ਵਲੋਂ ਉਕਤ ਧਿਰ ‘ਤੇ ਕਥਿਤ ਤੌਰ ‘ਤੇ ਨਜਾਇਜ਼ ਸ਼ਰਾਬ ਵੇਚਣ ਦੇ ਦੋਸ਼ ਲਗਾਏ ਜਾ ਰਹੇ ਹਨ, ਜਦਕਿ ਦੂਸਰੀ ਧਿਰ ਦਾ ਇਹ ਕਹਿਣਾ ਹੈ ਕਿ ਠੇਕੇਦਾਰ ਦੇ ਕਰਿੰਦੇ ਜਾਣਬੁੱਝ ਕੇ ਉਨ੍ਹਾਂ ਦੇ ਮੁਹੱਲੇ ਵਿਚ ਗੇੜੇ ਮਾਰਦੇ ਹਨ ਤੇ ਵਾਹਨਾਂ ਨੂੰ ਰੋਕ ਕੇ ਜਬਰੀ ਤਲਾਸ਼ੀ ਲੈਂਦੇ ਹਨ | ਇਸ ਘਟਨਾ ਸਬੰਧੀ ਦੂਸਰੀ ਧਿਰ ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਸੰਪਰਕ ਨਹੀਂ ਹੋ ਸਕਿਆ |
ਪਿਛਲੀ ਖ਼ਬਰ ਪਿੰਡ ਰਾਮਪੁਰ ਸੁੰਨੜਾ ਦੀ ਸਰਪੰਚ ਖ਼ਿਲਾਫ਼ ਕੇਸ ਦਰਜ ਕਰਨ ਦੇ ਰੋਸ ਵਜੋਂ ਬਸਪਾ ਵਰਕਰਾਂ ਵਲੋਂ ਧਰਨਾ ਅਗਲੀ ਖ਼ਬਰ ਭਾਰਤ ਬਚਾਓ ਮੋਰਚੇ ਦੇ ਸੱਦੇ ’ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੱਢਿਆ ਮੋਟਰਸਾਈਕਲ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।