18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਾਹਿਤ ਸਭਾ ਸੁਲਤਾਨਪੁਰ ਲੋਧੀ ਵਲੋਂ ਉੱਘੇ ਲੇਖਕ ਨਰਿੰਦਰ ਜ਼ੀਰਾ ਦੀ ਪੁਸਤਕ ‘ਜੂਝਦਾ ਜਿਊਂਦਾ ਪੰਜਾਬ’ ਲੋਕ ਅਰਪਿਤ

ਅਜੀਤ ਡੈਸਕ 02-07-2026
ਸੁਲਤਾਨਪੁਰ ਲੋਧੀ,1 ਜੁਲਾਈ (ਥਿੰਦ)-ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਉੱਘੇ ਲੇਖਕ ਨਰਿੰਦਰ ਸਿੰਘ ਜੀਰਾ ਦੀ ਪੁਸਤਕ ‘ਜੂਝਦਾ ਜਿਉਂਦਾ ਪੰਜਾਬ’ ਵੱਡੀ ਗਿਣਤੀ ਵਿਚ ਹਾਜ਼ਰ ਸਾਹਿਤ ਪ੍ਰੇਮੀਆਂ ਦੇ ਇਕੱਠ ਵਿਚ ਰਿਲੀਜ਼ ਕੀਤੀ ਗਈ | ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ, ਉੱਘੇ ਵਿਦਵਾਨ ਡਾਕਟਰ ਪਰਮਜੀਤ ਸਿੰਘ ਮਾਨਸਾ,ਐਡਵੋਕੇਟ ਰਜਿੰਦਰ ਸਿੰਘ ਰਾਣਾ, ਨਰਿੰਦਰ ਸਿੰਘ ਸੋਨੀਆ, ਉੱਘੇ ਗਲਪਕਾਰ ਸੁਰਿੰਦਰ ਸਿੰਘ ਨੇਕੀ, ਦਲਜੀਤ ਰਾਏ ਕਾਲੀਆ ਅਤੇ ਸ਼ਾਇਰਾ ਕੁਲਵਿੰਦਰ ਕੰਵਲ ਨੇ ਕੀਤੀ | ਡਾਕਟਰ ਸਵਰਨ ਸਿੰਘ ਨੇ ਵਿਦਵਾਨਾਂ ਤੇ ਸਾਹਿਤ ਪ੍ਰੇਮੀਆਂ ਨੂੰ ਜੀਓ ਆਇਆਂ ਆਖਿਆ |ਰਾਜ ਸਭਾ ਮੈਂਬਰ,ਪਦਮਸ੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਚੰਗਾ ਸਾਹਿਤ ਨਰੋਏ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਜਾਗਰੂਕ ਕਰਦਾ ਹੈ | ਉਨ੍ਹਾਂ ਕਿਹਾ ਕਿ ਨਰਿੰਦਰ ਸਿੰਘ ਜੀਰਾ ਨੇ ਕੁਦਰਤ, ਜਲਵਾਯੂ, ਵਾਤਾਵਰਨ ,ਪ੍ਰਦੂਸ਼ਣ ਆਦਿ ਵਿਸ਼ਿਆਂ ਸਬੰਧੀ ਜਾਣਕਾਰੀ ਭਰਪੂਰ ਲੇਖ ਲਿਖ ਕੇ ਸਮਾਜ ਦੇ ਲੋਕਾਂ ਨੂੰ ਇਨ੍ਹਾਂ ਪ੍ਰਤੀ ਚੇਤੰਨ ਕਰਨ ਦਾ ਯਤਨ ਕੀਤਾ ਹੈ | ਸਾਹਿਤ ਸਭਾ ਦੇ ਸਕੱਤਰ ਮੁਖਤਾਰ ਸਿੰਘ ਚੰਦੀ, ਸੁਰਿੰਦਰ ਸਿੰਘ ਨੇਕੀ ਦਸੂਹਾ ,ਪਿ੍ੰਸੀਪਲ ਲਖਬੀਰ ਸਿੰਘ, ਸਾਹਿਤ ਸਭਾ ਜੀਰਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ, ਸਤੀਸ਼ ਦੇਵਗਨ ਅਤੇ ਕਥਾਕਾਰ ਪੰਮੀ ਦਿਵੇਦੀ ਨੇ ਪੁਸਤਕ ਤੇ ਨਿੱਠ ਕੇ ਵਿਚਾਰ ਚਰਚਾ ਕੀਤੀ ਅਤੇ ਕਿਹਾ ਕਿ ਲੇਖਕ ਜੀਰਾ ਨੇ ਭਾਵੇਂ ਇਹ ਪੁਸਤਕ ਆਪਣੇ ਸੂਬੇ ਅਤੇ ਦੇਸ਼ ਨੂੰ ਮੁੱਖ ਰੱਖ ਕੇ ਲਿਖੀ ਹੈ, ਪਰ ਇਨ੍ਹਾਂ ਲੇਖਾਂ ਦੇ ਵਿਸੇ ਵਿਸ਼ਵ-ਵਿਆਪੀ ਹਨ | ਉਨ੍ਹਾਂ ਕਿਹਾ ਕਿ ਲੇਖਕ ਨੇ ਮਨੁੱਖ ਵਲੋਂ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ,ਵਾਤਾਵਰਨ ਵਿਚ ਆ ਰਹੇ ਵਿਗਾੜ, ਰੁੱਖਾਂ ਦੀ ਘੱਟ ਰਹੀ ਗਿਣਤੀ ਅਤੇ ਵੱਧ ਰਹੇ ਪ੍ਰਦੂਸ਼ਣ, ਤਿੜਕਦੇ ਮਾਨਵੀ ਰਿਸ਼ਤਿਆਂ ਸਮੇਤ ਮਨੁੱਖਤਾ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਖ਼ਾਸ ਤੌਰ ਤੇ ਬੱਚਿਆਂ,ਔਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਦਰਪੇਸ਼ ਸਮੱਸਿਆਵਾਂ ਪ੍ਰਤੀ ਫ਼ਿਕਰਮੰਦੀ ਜ਼ਾਹਿਰ ਕਰਦੇ ਹੋਏ ਸਰਕਾਰ ਤੇ ਲੋਕਾਂ ਨੂੰ ਇਨ੍ਹਾਂ ਦੇ ਸਾਰਥਿਕ ਹੱਲ ਲਈ ਸੁਚੇਤ ਕਰਨ ਦਾ ਸੁਹਿਰਦ ਯਤਨ ਕੀਤਾ ਹੈ | ਇਸ ਮੌਕੇ ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਲੈਕਚਰਾਰ ਲਖਪਤ ਰਾਏ ਪ੍ਰਭਾਕਰ ਸਟੇਟ ਐਵਾਰਡੀ,ਇੰਜ: ਸੁਖਦੇਵ ਸਿੰਘ ਟਿੱਬਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਡਾਕਟਰ ਨਿਰੰਜਨ ਦਸੂਹਾ, ਮੁਖਤਾਰ ਸਿੰਘ ਚੰਦੀ ਅਤੇ ਕੁਲਵਿੰਦਰ ਕੰਵਲ ਨੇ ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਸੁਣਾ ਕੇ ਅਦਬੀ ਦੋਸਤਾਂ ਤੋਂ ਚੰਗੀ ਦਾਦ ਪ੍ਰਾਪਤ ਕੀਤੀ |ਸਟੇਜ ਦਾ ਸੰਚਾਲਨ ਮੁਖਤਾਰ ਸਿੰਘ ਚੰਦੀ ਨੇ ਸ਼ਾਇਰਾਨਾ ਅੰਦਾਜ਼ ਵਿਚ ਕੀਤਾ |ਇਸ ਮੌਕੇ ਸਾਹਿਤ ਸਭਾ ਵਲੋਂ ਮੁੱਖ ਮਹਿਮਾਨ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਅਤੇ ਪੁਸਤਕ ਲੇਖਕ ਨਰਿੰਦਰ ਸਿੰਘ ਜੀਰਾ ਦਾ ਸਨਮਾਨ ਵੀ ਕੀਤਾ ਗਿਆ |ਅੰਤ ਵਿਚ ਐਡਵੋਕੇਟ ਰਾਜਿੰਦਰ ਸਿੰਘ ਰਾਣਾ ਨੇ ਹਾਜ਼ਰੀਨ ਦਾ ਭਾਵਪੂਰਨ ਸ਼ਬਦਾਂ ਵਿਚ ਧੰਨਵਾਦ ਕੀਤਾ |ਇਸ ਮੌਕੇ ਸੰਤ ਸੁਖਜੀਤ ਸਿੰਘ ਸੀਚੇਵਾਲ, ਬਾਬਾ ਸੁਰਜੀਤ ਸਿੰਘ ਸ਼ੰਟੀ, ਮਾਸਟਰ ਅਜੀਤ ਸਿੰਘ, ਨਰਿੰਦਰ ਸਿੰਘ ਅਮਰਕੋਟ, ਦਿਆਲ ਸਿੰਘ ਦੀਪੇਵਾਲ, ਨਰਿੰਦਰ ਸਿੰਘ ਢਿੱਲੋਂ, ਦਰਸ਼ਨ ਸਿੰਘ ਸਤਾਬਗੜ੍ਹ,ਸਤਨਾਮ ਪਾਲ, ਬਲਵਿੰਦਰ ਸਿੰਘ ਧਾਲੀਵਾਲ, ਸੁਖਦੇਵ ਸਿੰਘ ਟਿੱਬਾ, ਮੁਖ਼ਤਿਆਰ ਸਿੰਘ ਖਿੰਡਾ, ਸੁਰਜੀਤ ਸਿੰਘ ਜੰਮੂ ਸਮੇਤ ਅਨੇਕਾਂ ਸਾਹਿਤ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਬਲੱਡ ਬੈਂਕ ਫਗਵਾੜਾ ’ਚ ਲਗਾਇਆ ਦੰਦਾਂ ਤੇ ਜਬਾੜ੍ਹਿਆਂ ਦਾ 479ਵਾਂ ਕੈਂਪ ਅਗਲੀ ਖ਼ਬਰ ਵਿਭਾਗ ਦਿਨ ਵੇਲੇ 8 ਘੰਟੇ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਯਕੀਨੀ ਬਣਾਵੇ- ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।