ਨਡਾਲਾ, 2 ਜੂਨ (ਰਘਬਿੰਦਰ ਸਿੰਘ)-ਨੇੜਲੇ ਪਿੰਡ ਮਕਸੂਦਪੁਰ ਵਿਚ ਚੋਰਾਂ ਵਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਬੇਗੋਵਾਲ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦਵਿੰਦਰ ਕੌਰ ਪਤਨੀ ਪਰਮਜੀਤ ਕੁਮਾਰ ਵਾਸੀ ਮਕਸੂਦਪੁਰ ਨੇ ਦੱਸਿਆ ਕਿ 31 ਮਈ ਨੂੰ ਸਵੇਰੇ ਕਰੀਬ 9 ਵਜੇ ਉਹ ਆਪਣੇ ਪਰਿਵਾਰ ਸਮੇਤ ਘਰ ਨੂੰ ਤਾਲਾ ਲਗਾ ਕੇ ਪਠਾਨਕੋਟ ਵਿਖੇ ਜਠੇਰਿਆਂ ਦੀ ਜਗ੍ਹਾ ਮੱਥਾ ਟੇਕਣ ਲਈ ਗਏ ਹੋਏ ਸਨ | ਸ਼ਾਮ ਕਰੀਬ 9:30 ਵਜੇ ਜਦੋਂ ਉਹ ਵਾਪਸ ਘਰ ਪਹੁੰਚੇ ਤਾਂ ਘਰ ਦਾ ਮੇਨ ਗੇਟ ਖੋਲ੍ਹਣ ਉਪਰੰਤ ਅੰਦਰ ਜਾ ਕੇ ਦੇਖਿਆ ਕਿ ਘਰ ਦੇ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਹੋਏ ਸਨ ਤੇ ਤਾਲੇ ਟੁੱਟੇ ਹੋਏ ਸਨ | ਉਨ੍ਹਾਂ ਦੱਸਿਆ ਕਿ ਬੈੱਡਰੂਮਾਂ ਵਿਚ ਕੱਪੜੇ ਖਿੱਲਰੇ ਪਏ ਸਨ ਅਤੇ ਅਲਮਾਰੀਆਂ ਖੁੱਲ੍ਹੀਆਂ ਹੋਈਆਂ ਸਨ | ਇਸ ਤੋਂ ਇਲਾਵਾ ਸਟੋਰ ਵਿਚ ਪਈ ਲੋਹੇ ਦੀ ਅਲਮਾਰੀ ਦਾ ਤਾਲਾ ਵੀ ਟੁੱਟਿਆ ਹੋਇਆ ਸੀ | ਚੋਰ ਅਲਮਾਰੀ ਵਿਚ ਰੱਖੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ, ਜੋ ਇੱਕ ਬੈਗ ਵਿਚ ਪਾਏ ਹੋਏ ਸਨ, ਬੈਗ ਸਮੇਤ ਚੋਰੀ ਕਰਕੇ ਫ਼ਰਾਰ ਹੋ ਗਏ | ਪੀੜਤਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਬੇਗੋਵਾਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਵੱਲੋਂ ਚੋਰਾਂ ਦੀ ਪਹਿਚਾਣ ਅਤੇ ਗਿ੍ਫ਼ਤਾਰੀ ਲਈ ਤਫ਼ਤੀਸ਼ ਕੀਤੀ ਜਾ ਰਹੀ ਹੈ |