ਕਪੂਰਥਲਾ, 2 ਜੂਨ (ਅਮਰਜੀਤ ਸਿੰਘ ਸਡਾਨਾ)-ਸੁਰੱਖਿਆ ਪ੍ਰਬੰਧਾਂ ਦੀ ਮਜ਼ਬੂਤੀ ਅਤੇ ਅਮਨ ਸ਼ਾਂਤੀ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਮਨੋਰਥ ਨਾਲ ਅੱਜ ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਅਤੇ ਐੱਸ.ਐੱਸ.ਪੀ. ਗੌਰਵ ਤੂਰਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਜਿੱਥੇ ਜਨਤਕ ਥਾਵਾਂ ਦੀ ਜਾਂਚ ਕੀਤੀ, ਉੱਥੇ ਬਾਜ਼ਾਰ ਵਿਚ ਜਾ ਕੇ ਵਪਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਫਲੈਗ ਮਾਰਚ ਵੀ ਕੀਤਾ ਗਿਆ | ਡੀ.ਆਈ.ਜੀ. ਸਿੰਗਲਾ ਦੀ ਦੇਖ ਰੇਖ ਹੇਠ ਪੁਲਿਸ ਟੀਮਾਂ ਨੇ ਰੇਲਵੇ ਸਟੇਸ਼ਨ ਵਿਖੇ ਮੁਸਾਫ਼ਰਾਂ ਦੇ ਸਮਾਨ ਦੀ ਜਾਂਚ ਕੀਤੀ ਤੇ ਕੁੱਝ ਮੁਸਾਫ਼ਰਾਂ ਪਾਸੋਂ ਪੁੱਛਗਿੱਛ ਵੀ ਕੀਤੀ ਗਈ | ਇਸ ਤੋਂ ਬਾਅਦ ਡੀ.ਆਈ.ਜੀ. ਸਿੰਗਲਾ ਤੇ ਐੱਸ.ਐੱਸ.ਪੀ. ਗੌਰਵ ਤੂਰਾ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਬੱਸ ਸਟੈਂਡ ਦਾ ਨਿਰੀਖਣ ਕੀਤਾ ਤੇ ਸਵਾਰੀਆਂ ਦੇ ਸਮਾਨ ਦੀ ਤਲਾਸ਼ੀ ਵੀ ਲਈ ਗਈ | ਉਪਰੰਤ ਪੁਲਿਸ ਟੀਮਾਂ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਪਹੁੰਚੀਆਂ ਤੇ ਸਦਰ ਬਾਜ਼ਾਰ ਵਿਚ ਫਲੈਗ ਮਾਰਚ ਕਰਨ ਦੇ ਨਾਲ-ਨਾਲ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ | ਇਸ ਮੌਕੇ ਉਨ੍ਹਾਂ ਦੇ ਨਾਲ ਟਰੇਡਰ ਕਮਿਸ਼ਨ ਦੇ ਚੇਅਰਮੈਨ ਕੰਵਰ ਇਕਬਾਲ ਸਿੰਘ, ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਇੰਚਾਰਜ ਪਰਵਿੰਦਰ ਸਿੰਘ ਢੋਟ ਤੇ ਹੋਰ ਆਗੂ ਵੀ ਹਾਜ਼ਰ ਸਨ | ਡੀ.ਆਈ.ਜੀ. ਸਿੰਗਲਾ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਬੇਖ਼ੌਫ ਹੋ ਕੇ ਆਪਣਾ ਕਾਰੋਬਾਰ ਕਰਨ ਤੇ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਜਾਂ ਧਮਕੀ ਭਰਿਆ ਫ਼ੋਨ ਉਨ੍ਹਾਂ ਨੂੰ ਆਉਂਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦੇਣ | ਉਨ੍ਹਾਂ ਕਿਹਾ ਕਿ ਇਹ ਤਲਾਸ਼ੀ ਅਭਿਆਨ ਜ਼ਿਲ੍ਹੇ ਭਰ ਵਿਚ ਚਲਾਇਆ ਜਾ ਰਿਹਾ ਹੈ ਤੇ ਰਾਤ ਦੇ ਸਮੇਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਵੀ ਕੀਤੀ ਜਾਵੇਗੀ | ਇਸ ਮੌਕੇ ਉਨ੍ਹਾਂ ਦੇ ਨਾਲ ਐੱਸ.ਪੀ. ਹੈੱਡ ਕੁਆਰਟਰ ਗੁਰਪ੍ਰੀਤ ਸਿੰਘ, ਰੀਡਰ ਇੰਸਪੈਕਟਰ ਦਲੇਰ ਸਿੰਘ, ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਹਰਦੀਪ ਸਿੰਘ, ਰੇਲਵੇ ਚੌਂਕੀ ਦੇ ਏ.ਐੱਸ.ਆਈ. ਸ਼ਕੀਲ ਮੁਹੰਮਦ ਤੇ ਹੋਰ ਹਾਜ਼ਰ ਸਨ |