ਭੁਲੱਥ, 29 ਮਾਰਚ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਥਾਣਾ ਭੁਲੱਥ ਪੁਲਿਸ ਨੂੰ ਉਸ ਸਮੇਂ ਸਫਲਤਾ ਹੱਥ ਲੱਗੀ, ਜਦੋਂ ਦਾਤਰ ਦਿਖਾ ਕੇ ਇਕ ਵਿਅਕਤੀ ਪਾਸੋਂ ਐਕਟਿਵਾ ਸਕੂਟਰੀ ਤੇ ਉਸ ਦੀ ਪਤਨੀ ਦੀਆਂ ਵਾਲੀਆਂ ਖੋਹਣ ਵਾਲੇ ਦੋ ਲੁਟੇਰਿਆਂ ਨੂੰ 12 ਘੰਟੇ ਤੋਂ ਪਹਿਲਾਂ ਕਾਬੂ ਕਰ ਲਿਆ ਗਿਆ | ਥਾਣਾ ਮੁਖੀ ਭੁਲੱਥ ਐਸ. ਐਚ. ਓ. ਬਿਕਰਮਜੀਤ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਜ਼ਿਲ੍ਹਾ ਕਪੂਰਥਲਾ ਵਲੋਂ ਇਤਲਾਹ ਦਿੱਤੀ ਸੀ ਕਿ ਉਹ ਆਪਣੀ ਪਤਨੀ ਬਿਮਲ ਕੌਰ ਨਾਲ ਆਪਣੀ ਸਕੂਟਰੀ ਐਕਟਿਵਾ ਨੰਬਰ ਪੀ.ਬੀ. 57ਸੀ 5922 'ਤੇ ਸਵਾਰ ਹੋ ਕੇ ਆਪਣੀ ਭੈਣ ਨਿਸ਼ਾਨ ਕੌਰ ਪਾਸ ਪਿੰਡ ਅਵਾਣ ਜ਼ਿਲ੍ਹਾ ਹੁਸ਼ਿਆਰਪੁਰ ਜਾ ਰਹੇ ਸੀ ਜਦੋਂ ਉਹ ਅਕਾਲ ਅਕੈਡਮੀ ਦੇ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਦੇ ਪਿੱਛੇ ਦੋ ਮੋਨੇ ਨੌਜਵਾਨ ਆਪਣੇ ਮੋਟਰਸਾਈਕਲ ਨੰਬਰ ਪੀਬੀ 08 ਬੀ.ਐਸ 4645 ਮਾਰਕਾ ਹੀਰੋ ਹਾਂਡਾ ਸਪਲੈਂਡਰ 'ਤੇ ਆਏ, ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਤੇ ਸਾਨੂੰ ਰੋਕ ਕੇ ਦਾਤਰ ਦਿਖਾ ਕੇ ਕਿਹਾ ਕਿ ਜੋ ਕੁੱਝ ਹੈ ਦੇ ਦਿਓ, ਨਹੀਂ ਤਾਂ ਮਾਰ ਦੇਵਾਂਗੇ | ਉਸ ਦੀ ਪਤਨੀ ਬਿਮਲ ਕੌਰ ਨੇ ਡਰਦੇ ਹੋਏ ਆਪਣੇ ਕੰਨਾਂ 'ਚੋਂ ਵਾਲੀਆਂ ਉਤਾਰ ਕੇ ਦੇ ਦਿੱਤੀਆਂ ਤੇ ਇਕ ਨੌਜਵਾਨ ਨੇ ਉਸ ਦੀ ਐਕਟਿਵਾ ਸਕੂਟਰੀ ਖੋਹ ਲਈ ਤੇ ਬੇਗੋਵਾਲ ਵਾਲੀ ਸਾਈਡ ਨੂੰ ਫ਼ਰਾਰ ਹੋ ਗਏ | ਭੁਲੱਥ ਪੁਲਿਸ ਵਲੋਂ ਉਕਤ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ |