ਡਡਵਿੰਡੀ, 26 ਮਾਰਚ (ਦਿਲਬਾਗ ਸਿੰਘ ਝੰਡ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਮੁਖ਼ਤਿਆਰ ਸਿੰਘ ਸੋਢੀ ਡਡਵਿੰਡੀ ਨੇ ਕਿਹਾ ਕਿ ਬਾਰਡਰ ਦੇ ਸਾਏ ਤੋਂ ਵਿਕਾਸ ਦੀ ਰੋਸ਼ਨੀ ਵੱਲ ਅਹਿਮ ਕਦਮ ਸਾਬਤ ਹੋਵੇਗੀ ਅਟਾਰੀ ਵਾਹਗਾ ਸਰਹੱਦ 'ਤੇ 28 ਮਾਰਚ ਨੂੰ ਕੀਤੀ ਜਾਣ ਵਾਲੀ 'ਬਾਰਡਰ ਖੋਲੋ ਰੈਲੀ' | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ 'ਚ ਕੀਤੀ ਜਾ ਰਹੀ ਇਸ ਰੈਲੀ ਦਾ ਮੁੱਖ ਮਕਸਦ ਭਾਰਤ-ਪਾਕਿਸਤਾਨ ਵਪਾਰ ਨੂੰ ਦੁਬਾਰਾ ਸ਼ੁਰੂ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਇਹ ਸਰਹੱਦੀ ਜ਼ਿਲ੍ਹੇ 1965 ਤੇ 1971 ਦੀਆਂ ਲੜਾਈਆਂ ਤੋਂ ਲੈ ਕੇ ਅੱਜ ਤੱਕ ਹਮੇਸ਼ਾ ਤਣਾਅ ਦੇ ਕੇਂਦਰ ਬਣੇ ਰਹੇ ਹਨ, ਜਿਸ ਦਾ ਸਭ ਤੋਂ ਵੱਡਾ ਨੁਕਸਾਨ ਇੱਥੋਂ ਦੇ ਆਮ ਲੋਕਾਂ ਨੂੰ ਝੱਲਣਾ ਪਿਆ ਹੈ | ਉਨ੍ਹਾਂ ਕਿਹਾ ਕਿ ਇਹੀ ਭੂਗੋਲ ਹੁਣ ਇਕ ਵੱਡੇ ਮੌਕੇ ਵਿਚ ਬਦਲ ਸਕਦਾ ਹੈ, ਜੇ ਸਰਕਾਰ ਆਪਣੀ ਨੀਤੀ ਨੂੰ ਸੁਰੱਖਿਆ ਕੇਂਦਰਿਤ ਸੋਚ ਤੋਂ ਆਰਥਿਕ ਵਿਕਾਸ ਵੱਲ ਮੋੜਾ ਦੇਵੇ | ਉਨ੍ਹਾਂ ਕਿਹਾ ਕਿ ਮਾਝਾ ਇਲਾਕੇ ਨੂੰ ਬਾਰਡਰ ਦੀ ਪਹਿਚਾਣ ਤੋਂ ਬਾਹਰ ਕੱਢ ਕੇ ਵਿਕਾਸ ਦੇ ਕੇਂਦਰ ਵਜੋਂ ਸਥਾਪਿਤ ਕਰਨਾ ਹੀ ਪੰਜਾਬ ਦੀ ਅਸਲ ਤਰੱਕੀ ਦਾ ਰਸਤਾ ਹੈ |