ਸੁਲਤਾਨਪੁਰ ਲੋਧੀ, 25 ਮਾਰਚ (ਥਿੰਦ)-ਆਲੂ ਦੇ ਭਾਅ ਵਿਚ ਐਤਕੀਂ ਆਈ ਵੱਡੀ ਗਿਰਾਵਟ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ, ਜਿਸ ਕਾਰਨ ਕਿਸਾਨਾਂ ਵਿਚ ਵੱਡੀ ਮਾਯੂਸੀ ਪਾਈ ਜਾ ਰਹੀ ਹੈ | ਪੈਦਾ ਹੋਈਆਂ ਮੌਜੂਦਾ ਹਾਲਤਾਂ ਦੇ ਮੱਦੇਨਜ਼ਰ ਸੂਬਾ ਤੇ ਕੇਂਦਰ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੀ ਬਾਂਹ ਫੜੇ ਤੇ ਆਲੂ ਨੂੰ ਗੁਆਂਢੀ ਦੇਸ਼ਾਂ ਵੱਲ ਐਕਸਪੋਰਟ ਕਰੇ | ਇਹ ਪ੍ਰਗਟਾਵਾ ਕਰਦਿਆਂ ਹਲਕਾ ਸੁਲਤਾਨਪੁਰ ਲੋਧੀ ਤੋਂ ਨੌਜਵਾਨ ਆਗੂ ਐਡਵੋਕੇਟ ਗਗਨਦੀਪ ਸਿੰਘ ਸੁੱਖ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ ਤੇ ਆੜ੍ਹਤੀਆ ਆਗੂ ਸੁਖਪਾਲਬੀਰ ਸਿੰਘ ਝੰਡੂਵਾਲਾ ਨੇ ਕਿਹਾ ਵਪਾਰੀਆਂ ਵਲੋਂ ਬਹੁਤੀ ਦਿਲਚਸਪੀ ਨਾ ਦਿਖਾਏ ਜਾਣ ਕਾਰਨ ਕਿਸਾਨਾਂ ਦੇ ਆਲੂ ਖੇਤਾਂ 'ਚ ਹੀ ਪਏ ਹਨ, ਜੇਕਰ ਆਲੂਆਂ ਦੇ ਢੇਰਾਂ ਨੂੰ ਜਲਦ ਨਾ ਚੁੱਕਿਆ ਗਿਆ ਤਾਂ ਆਉਣ ਵਾਲੇ ਦਿਨਾਂ ਦੌਰਾਨ ਇਸ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਹੈ | ਉਨ੍ਹਾਂ ਨੇ ਕਿਹਾ ਕਿਸਾਨ ਇਸ ਨੂੰ ਸਟੋਰ ਕਰਨ ਦੇ ਸਮਰੱਥ ਨਹੀਂ ਹੈ | ਆਲੂ ਨੂੰ ਸਟੋਰ ਕਰਨ 'ਤੇ ਵੀ ਕਿਸਾਨ ਨੂੰ ਵੱਡਾ ਖ਼ਰਚਾ ਉਠਾਉਣਾ ਚਾਹੀਦਾ ਹੈ | ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਕਿਸਾਨਾਂ ਨੂੰ ਲਗਾਤਾਰ ਫ਼ਸਲਾਂ ਦੇ ਝਾੜ ਤੇ ਭਾਅ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ | ਹੁਣ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਦੀ ਚਿੰਤਾ ਸਤਾ ਰਹੀ ਹੈ ਕਿਉਂਕਿ ਮੱਕੀ ਦੇ ਭਾਅ ਵਿਚ ਵੀ ਵੱਡੀ ਗਿਰਾਵਟ ਆ ਗਈ ਹੈ | ਉਨ੍ਹਾਂ ਨੇ ਮੰਗ ਕੀਤੀ ਆਲੂ ਦੀ ਫ਼ਸਲ ਦਾ ਭਾਅ ਨਿਰਧਾਰਿਤ ਕੀਤਾ ਜਾਵੇ, ਜਿਸ ਨਾਲ ਕਿਸਾਨਾਂ ਆਰਥਿਕ ਨੁਕਸਾਨ ਨਾ ਝੱਲਣਾ ਪਵੇ |