ਬੇਗੋਵਾਲ, 25 ਮਾਰਚ (ਸੁਖਜਿੰਦਰ ਸਿੰਘ)-ਸਮਾਜ ਸੇਵਾ ਦੇ ਖੇਤਰ ਵਿਚ ਵਿਲੱਖਣ ਪਛਾਣ ਬਣਾਉਣ ਵਾਲੀ ਰੋਟਰੀ ਕਲੱਬ ਬੇਗੋਵਾਲ ਵਲੋਂ ਸਮਾਜ ਸੇਵੀ ਕੰਮਾਂ ਨੂੰ ਅਗਾਂਹ ਤੋਰਦਿਆਂ ਕਲੱਬ ਦੇ ਪ੍ਰਧਾਨ ਕੁਲਦੀਪ ਕੁਮਾਰ ਬੱਬੂ ਦੀ ਅਗਵਾਈ ਹੇਠ ਬੇਗੋਵਾਲ ਦੇ ਪਰਮਜੀਤ ਹਸਪਤਾਲ 'ਚ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਫ਼ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਸ਼ੌਕੀਨ ਸਿੰਘ ਦੀ ਟੀਮ ਵਲੋਂ ਅੱਖਾਂ ਦੇ 245 ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਤੇ ਉਨ੍ਹਾਂ ਵਿਚੋਂ ਕੁਝ ਚੁਣੇ ਗਏ ਕੁਝ ਲੋੜਵੰਦ ਮਰੀਜ਼ਾਂ ਦੇ ਲੈਂਜ ਵੀ ਪਾਏ ਗਏ | ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਡਾਕਟਰ ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਲੱਬ ਦਾ ਮੁੱਖ ਮੰਤਵ ਹੀ ਸਮਾਜ ਦੀ ਸੇਵਾ ਕਰਨਾ ਹੈ ਤੇ ਉਨ੍ਹਾਂ ਦੀ ਕਲੱਬ ਵਲੋਂ ਕਿਸੇ ਨਾਂ ਕਿਸੇ ਰੂਪ ਵਿਚ ਸਮੇਂ-ਸਮੇਂ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਇਸ ਤਰਾਂ ਦੇ ਪ੍ਰੋਜੈਕਟ ਲਗਾਏ ਜਾਂਦੇ ਹਨ | ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਮੂਹ ਕਲੱਬ ਦੇ ਸਮੂਹ ਮੈਂਬਰਾਂ ਦਾ ਵੀ ਵੱਡਾ ਸਹਿਯੋਗ ਹੁੰਦਾ ਹੈ ਜੋ ਆਪਣੇ ਦਸਾਂ ਨੋਂਹਾਂ ਦੀ ਕਮਾਈ ਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਚ ਲਾਉਂਦੇ ਹਨ | ਇਸ ਮੌਕੇ ਉਨ੍ਹਾਂ ਕੈਂਪ ਚ ਹਾਜ਼ਰ ਸਾਰੇ ਮੈਂਬਰਾਂ ਤੇ ਬਾਹਰੋਂ ਆਏ ਸੱਜਣਾ ਮਿੱਤਰਾਂ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਮਲਕੀਤ ਸਿੰਘ ਲੁਬਾਣਾ, ਸੈਕਟਰੀ ਮਨਜੀਤਪਾਲ ਸਿੰਘ, ਸੁਖਵਿੰਦਰ ਸਿੰਘ ਆੜ੍ਹਤੀ ਕੈਸ਼ੀਅਰ, ਕੌਂਸਲਰ ਕਮਲਜੀਤ ਸਿੰਘ, ਸੁਰਿੰਦਰ ਕੁਮਾਰ ਸੇਠੀ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਸਤਵਿੰਦਰ ਸਿੰਘ ਬੱਸੀ, ਡਾਕਟਰ ਸੇਵਕ ਸਿੰਘ ਆਦਿ ਹਾਜ਼ਰ ਸਨ |