ਸੁਲਤਾਨਪੁਰ ਲੋਧੀ, 25 ਮਾਰਚ (ਨਰੇਸ਼ ਹੈਪੀ, ਥਿੰਦ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਿਫ਼ਰ ਕਾਲ ਦੌਰਾਨ ਦੇਸ਼ ਦੇ ਪੇਂਡੂ ਖੇਤਰਾਂ ਵਿਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਮਹੱਤਵਪੂਰਨ ਮੁੱਦਾ ਉਠਾਇਆ | ਉਨ੍ਹਾਂ ਕਿਹਾ ਕਿ ਦੇਸ਼ ਨੂੰ ਲਗਭਗ 50 ਉਲੰਪੀਅਨ ਦੇਣ ਵਾਲੇ ਪੰਜਾਬ ਨਾਲ ਖੇਡ ਫੰਡਾਂ ਦੀ ਵੰਡ ਵਿਚ ਨਿਆਂ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਰਿਸ ਓਲੰਪਿਕ ਵਿਚ ਭਾਰਤ ਦੇ ਕੁੱਲ 100 ਖਿਡਾਰੀਆਂ ਵਿਚੋਂ 45 ਖਿਡਾਰੀ ਪੰਜਾਬ ਅਤੇ ਹਰਿਆਣਾ ਨਾਲ ਸਬੰਧਿਤ ਸਨ, ਪਰ ਫੰਡਾਂ ਦੀ ਵੰਡ ਦੌਰਾਨ ਇਹਨਾਂ ਸੂਬਿਆਂ ਨਾਲ ਸਪਸ਼ਟ ਤੌਰ 'ਤੇ ਵਿਤਕਰਾ ਕੀਤਾ ਗਿਆ | ਸੰਤ ਸੀਚੇਵਾਲ ਨੇ ਖੇਲੋ ਇੰਡੀਆ ਦੇ ਪਿਛਲੇ ਸਾਲ ਦੇ ਬਜਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਜਰਾਤ ਨੂੰ 426.13 ਕਰੋੜ ਅਤੇ ਉਤਰ ਪ੍ਰਦੇਸ਼ ਨੂੰ 438.27 ਕਰੋੜ ਰੁਪਏ ਦਿੱਤੇ ਗਏ, ਜਦਕਿ ਸਭ ਤੋਂ ਵੱਧ ਖਿਡਾਰੀ ਦੇਣ ਵਾਲੇ ਪੰਜਾਬ ਨੂੰ ਕੇਵਲ 78.02 ਕਰੋੜ ਅਤੇ ਹਰਿਆਣਾ ਨੂੰ 66.59 ਕਰੋੜ ਰੁਪਏ ਹੀ ਮਿਲੇ | ਉਨ੍ਹਾਂ ਨੇ ਇਸ ਨੂੰ ਨਿਆਂ ਦੇ ਸਿਧਾਂਤਾਂ ਦੇ ਖਿਲਾਫ ਕਰਾਰ ਦਿੱਤਾ | ਉਨ੍ਹਾਂ ਦੇਸ਼ ਨੂੰ ਅੰਤਰਰਾਸ਼ਟਰੀ ਖੇਡ ਮੰਚ 'ਤੇ ਅੱਗੇ ਲੈ ਜਾਣ ਲਈ ਦੇਸ਼ ਭਰ ਵਿਚ ਖੇਡ ਨਰਸਰੀਆਂ ਸਥਾਪਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣਾ ਸਮੇਂ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਦੀ ਘਾਟ ਕਾਰਨ ਹੀ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਓਲੰਪਿਕ ਵਿਚ ਸੋਨੇ ਦੇ ਤਮਗਿਆਂ ਲਈ ਸੰਘਰਸ਼ ਕਰਦਾ ਹੈ, ਜਦਕਿ ਛੋਟੇ ਦੇਸ਼ ਅੱਗੇ ਨਿਕਲ ਰਹੇ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਪਾਣੀਆਂ ਦੀ ਧਰਤੀ ਹੋਣ ਦੇ ਬਾਵਜੂਦ ਪਾਣੀ ਨਾਲ ਸੰਬੰਧਤ ਖੇਡਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਚ ਕਾਇਕਿੰਗ, ਕਨੋਇੰਗ ਅਤੇ ਡਰੈਗਨ ਬੋਟ ਮੁਕਾਬਲੇ ਕਰਵਾਏ ਜਾਂਦੇ ਹਨ | ਜੇਕਰ ਇੱਥੇ ਅੰਤਰਰਾਸ਼ਟਰੀ ਪੱਧਰ ਦੇ ਕੋਚ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਤਾਂ ਪੰਜਾਬ ਦੇ ਖਿਡਾਰੀ ਓਲੰਪਿਕ ਵਿਚ ਸੋਨੇ ਦੇ ਤਮਗੇ ਜਿੱਤ ਸਕਦੇ ਹਨ |