28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਤਿਆਰ ਕੀਤੀ 16 ਡੱਬਿਆਂ ਵਾਲੀ ਪਹਿਲੀ ਵੰਦੇ ਭਾਰਤ ਟਰੇਨ <br/>

ਅਜੀਤ ਡੈਸਕ 26-03-2026
ਕਪੂਰਥਲਾ, 25 ਮਾਰਚ (ਅਮਰਜੀਤ ਸਿੰਘ ਸਡਾਨਾ)-ਦੇਸ਼ ਵਿਚ ਸਵਦੇਸ਼ੀ ਰੇਲ ਨਿਰਮਾਣ ਨੂੰ ਇਕ ਨਵੀਂ ਗਤੀ ਦਿੰਦੇ ਹੋਏ ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਆਪਣੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਦਾ ਸਫਲਤਾਪੂਰਵਕ ਨਿਰਮਾਣ ਕੀਤਾ ਹੈ ਤੇ 16 ਡੱਬਿਆਂ ਵਾਲੀ ਇਹ ਟਰੇਨ ਨਿਰਮਾਣ ਦੇ ਆਖ਼ਰੀ ਪੜਾਅ ਵਿਚ ਹੈ ਤੇ ਇਸੇ ਮਹੀਨੇ ਦੇ ਅੰਤ ਤੱਕ ਇਹ ਗੱਡੀ ਸੰਚਾਲਨ ਲਈ ਸੌਂਪ ਦਿੱਤੀ ਜਾਵੇਗੀ | ਰੇਲ ਕੋਚ ਫ਼ੈਕਟਰੀ ਦੀ ਇਹ ਉਪਲਬਧੀ ਦੇਸ਼ ਵਿਚ ਆਧੁਨਿਕ ਟਰੇਨ ਨਿਰਮਾਣ ਸਮਰੱਥਾ ਦੇ ਵਿਸਥਾਰ ਦੀ ਦਿਸ਼ਾ ਵਿਚ ਇਕ ਅਹਿਮ ਨੀਂਹ ਪੱਥਰ ਹੈ | ਪ੍ਰੈੱਸ ਇਨਫਰਮੇਸ਼ਨ ਬਿਊਰੋ ਵਲੋਂ ਆਯੋਜਿਤ ਪੰਜਾਬ ਦੇ ਮੀਡੀਆ ਦੌਰੇ 'ਤੇ ਆਏ ਛੱਤੀਸਗੜ੍ਹ ਦੇ 14 ਮੈਂਬਰੀ ਮੀਡੀਆ ਵਫ਼ਦ ਨੇ ਅੱਜ ਰੇਲ ਕੋਚ ਫ਼ੈਕਟਰੀ ਦਾ ਦੌਰਾ ਕੀਤਾ | ਇਸ ਦੌਰਾਨ ਪੱਤਰਕਾਰਾਂ ਨੇ ਕੋਚ ਨਿਰਮਾਣ ਦੀ ਪ੍ਰਕਿਰਿਆ ਨੂੰ ਨੇੜਿਓ ਦੇਖਿਆ ਤੇ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ | ਪੱਤਰਕਾਰਾਂ ਦੇ ਵਫ਼ਦ ਨਾਲ ਗੱਲਬਾਤ ਕਰਦਿਆਂ ਰੇਲ ਕੋਚ ਫ਼ੈਕਟਰੀ ਦੇ ਡਿਪਟੀ ਜਨਰਲ ਮੈਨੇਜਰ ਅਮਨ ਕੁਮਾਰ ਨੇ ਦੱਸਿਆ ਕਿ ਵੰਦੇ ਭਾਰਤ ਗੱਡੀ ਦਾ ਨਿਰਮਾਣ ਆਰ.ਸੀ.ਐਫ. ਵਿਚ ਪਹਿਲੀਵਾਰ ਕੀਤਾ ਗਿਆ ਹੈ | ਇਸਤੋਂ ਪਹਿਲਾਂ ਇਸਦਾ ਨਿਰਮਾਣ ਚੇਨਈ ਫ਼ੈਕਟਰੀ ਵਿਚ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਆਰ.ਸੀ.ਐਫ. ਕਪੂਰਥਲਾ ਸਾਲ ਵਿਚ ਕਰੀਬ 2200 ਤੋਂ 2330 ਡੱਬਿਆਂ ਦਾ ਨਿਰਮਾਣ ਕਰਦਾ ਹੈ ਜੋ ਰੇਲਵੇ ਬੋਰਡ ਵਲੋਂ ਨਿਰਧਾਰਿਤ ਟੀਚਿਆਂ ਦੇ ਆਧਾਰਤ ਵੱਖ-ਵੱਖ ਰੂਪਾਂ ਵਿਚ ਤਿਆਰ ਕੀਤੇ ਜਾਂਦੇ ਹਨ | ਡਿਪਟੀ ਮੈਨੇਜਰ ਨੇ ਦੱਸਿਆ ਕਿ ਵੰਦੇ ਭਾਰਤ ਗੱਡੀ ਦਾ ਅਸਲ ਡਿਜਾਇਨ ਇੰਟੀਗਰਲ ਕੋਚ ਫ਼ੈਕਟਰੀ ਚੇਨਈ ਵਿਚ ਵਿਕਸਿਤ ਕੀਤਾ ਗਿਆ ਸੀ ਜਿਸਨੂੰ ਹੁਣ ਆਰ.ਸੀ.ਐਫ. ਕਪੂਰਥਲਾ ਅਤੇ ਮਾਡਰਨ ਕੋਚ ਫ਼ੈਕਟਰੀ ਰਾਏਬਰੇਲੀ ਦੇ ਉੱਨਤ ਕਾਰਖ਼ਾਨਿਆਂ ਨਾਲ ਸਾਂਝਾ ਕੀਤਾ ਗਿਆ ਹੈ | ਉਨ੍ਹਾਂ ਹਾਜ਼ਰ ਪੱਤਰਕਾਰਾਂ ਨੂੰ ਵੰਦੇ ਭਾਰਤ ਟਰੇਨ ਦੀਆਂ ਵਿਸ਼ੇਸ਼ਤਾਵਾਂ ਸਬੰਧੀ ਵੀ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ 1988 ਵਿਚ ਸਥਾਪਿਤ ਰੇਲ ਕੋਚ ਫ਼ੈਕਟਰੀ ਅੱਜ ਵਿਕਸਿਤ ਟਾਊਨਸ਼ਿਪ ਵਜੋਂ ਉੱਭਰੀ ਹੈ ਜਿਸ ਵਿਚ ਲਗਭਗ 5600 ਕਰਮਚਾਰੀ ਕੰਮ ਕਰਦੇ ਹਨ ਤੇ ਚਾਰ ਹਜ਼ਾਰ ਰਿਹਾਇਸ਼ੀ ਕੁਆਰਟਰ ਉਪਲਬਧ ਹਨ | ਉਨ੍ਹਾਂ ਵਫ਼ਦ ਨੂੰ ਦੱਸਿਆ ਕਿ ਆਰ.ਸੀ.ਐਫ. ਵਿਚ ਕੇਂਦਰੀ ਅਤੇ ਪੰਜਾਬ ਸਰਕਾਰ ਦੇ ਸਕੂਲਾਂ ਤੋਂ ਇਲਾਵਾ ਹਾਕੀ, ਫੁੱਟਬਾਲ ਮੈਦਾਨ, ਸਵਿਮਿੰਗ ਪੂਲ, ਗੋਲਫ ਕੋਰਸ ਤੇ ਬੈਂਕਾਂ ਵਰਗੀਆਂ ਸਹੂਲਤਾਂ ਵੀ ਸ਼ਾਮਲ ਹਨ | ਇਸ ਮੌਕੇ ਵਫ਼ਦ ਦੇ ਮੈਂਬਰਾਂ ਨੂੰ ਆਰ.ਸੀ.ਐਫ. ਪ੍ਰਸ਼ਾਸਨ ਵਲੋਂ ਸਨਮਾਨਿਤ ਵੀ ਕੀਤਾ ਗਿਆ |

ਪਿਛਲੀ ਖ਼ਬਰ ਮਸੀਹੀ ਭਾਈਚਾਰੇ ਵਲੋਂ ਕੇਂਦਰੀ ਗ੍ਰਹਿ ਮੰਤਰੀ ਦਾ ਪੁਤਲਾ ਫੂਕ ਪ੍ਰਦਰਸ਼ਨ ਅਗਲੀ ਖ਼ਬਰ ਹਿੰਦੀ ਅਖ਼ਬਾਰ ਦੇ ਪੱਤਰਕਾਰ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।