ਮਾਨਸਾ, 20 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਨੰਬਰਦਾਰ ਯੂਨੀਅਨ ਨੇ ਦੋਸ਼ ਲਗਾਇਆ ਹੈ ਕਿ ਰਾਜ ਸਰਕਾਰ ਨਵੇਂ ਨਿਯਮ ਲਾਗੂ ਕਰ ਕੇ ਨੰਬਰਦਾਰੀ ਨੂੰ ਖ਼ਤਮ ਕਰਨ ਦੇ ਰੌਂਅ 'ਚ ਹੈ | ਸਥਾਨਕ ਬਾਲ ਭਵਨ ਵਿਖੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਰਜਿਸਟਰੀਆਂ 'ਤੇ ਸਾਬਕਾ ਕੌਂਸਲਰ, ਪੰਚ ਤੋਂ ਇਲਾਵਾ ਵਕੀਲਾਂ ਦੀ ਤਸਦੀਕ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭੂਆ/ਤਾਇਆ ਆਪਣੇ ਭਤੀਜੇ ਜਾਂ ਭਤੀਜੀ ਨੂੰ ਤਬਦੀਲ ਮਲਕੀਅਤ ਕਰਵਾਈ ਜਾ ਰਹੀ ਹੈ, ਜੋ ਕਿ ਖ਼ੂਨ ਦੇ ਰਿਸ਼ਤੇ 'ਚ ਨਹੀਂ ਆਉਂਦੀ | ਇਸ ਦੇ ਨਾਲ ਹੀ ਕਾਫ਼ੀ ਰਜਿਸਟਰੀਆਂ 'ਤੇ ਐਨ.ਓ.ਸੀ. ਨਹੀਂ ਲਗਾਈਆਂ ਜਾਂਦੀਆਂ, ਇਹ ਸਾਰਾ ਕੁਝ ਗਲਤ ਹੈ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰਨੇ ਕਲਾਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਪਿੰਡਾਂ 'ਚ ਝਗੜੇ ਵਧ ਰਹੇ ਹਨ | ਪੰਜਾਬ ਸਰਕਾਰ ਵਲੋਂ ਲਿਆ ਫ਼ੈਸਲਾ ਰਜਿਸਟਰੀ ਕਿਸੇ ਵੀ ਤਹਿਸੀਲ 'ਚ ਕਰਵਾਈ ਜਾ ਸਕਦੀ ਹੈ, ਉਹ ਵੀ ਸਹੀ ਨਹੀਂ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਨੂੰ ਬੰਦ ਕਰ ਕੇ ਸਬੰਧਿਤ ਤਹਿਸੀਲ 'ਚ ਰਜਿਸਟਰੀ ਕਰਵਾਉਣ ਦਾ ਫ਼ੈਸਲਾ ਲਾਗੂ ਕੀਤਾ ਜਾਵੇ ਅਤੇ ਜਿਸ ਪਿੰਡ ਦਾ ਰਕਬਾ ਹੈ, ਉੱਥੋਂ ਦੇ ਹੀ ਨੰਬਰਦਾਰ ਦੀ ਤਸਦੀਕ ਮੰਨੀ ਜਾਵੇ | ਉਨ੍ਹਾਂ ਦੱਸਿਆ ਕਿ ਪੰਜਾਬ ਲੈਂਡ ਰੈਵੀਨਿਊ ਰੂਲਜ਼ 1909 ਦੇ ਅਨੁਸਾਰ ਇੰਤਕਾਲ ਉੱਪਰ ਅਤੇ ਮਾਲ ਵਿਭਾਗ ਦੇ ਕੰਮਾਂ ਵਿਚ ਨੰਬਰਦਾਰ ਦੀ ਗਵਾਹੀ ਸਹੀ ਪਾਈ ਜਾਂਦੀ ਹੈ, ਜਿਸ ਨਾਲ ਨੰਬਰਦਾਰ ਰੈਗੂਲਰ ਹੋਣ ਕਾਰਨ ਕੋਈ ਵੀ ਗਲਤ ਕੰਮ ਨਹੀਂ ਕਰਦਾ | ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇਗੀ, ਮਾਣ ਭੱਤੇ 'ਚ ਵਾਧਾ ਕਰਨ ਦੇ ਨਾਲ ਹੋਰ ਮੰਗਾਂ ਮੰਨੀਆਂ ਜਾਣਗੀਆਂ ਪਰ ਇਸ ਦੇ ਉਲਟ ਪੰਜਾਬ ਸਰਕਾਰ ਨਵੇਂ ਨਿਯਮ ਲਾਗੂ ਕਰ ਰਹੀ ਹੈ, ਜਿਸ ਕਰ ਕੇ ਨੰਬਰਦਾਰਾਂ 'ਚ ਰੋਸ ਫੈਲਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ 'ਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ ਗਿਆ | ਇਸ ਮੌਕੇ ਅੰਮਿ੍ਤਪਾਲ ਸਿੰਘ ਕਿਸ਼ਨਗੜ੍ਹ ਫਰਵਾਹੀ, ਸੁਰਜੀਤ ਸਿੰਘ ਖੀਵਾ, ਅਵਤਾਰ ਸਿੰਘ ਹੀਰੋਂ ਖ਼ੁਰਦ, ਬੂਟਾ ਸਿੰਘ ਖੋਖਰ ਕਲਾਂ, ਜਗਰੂਪ ਸਿੰਘ ਕਲੀਪੁਰ, ਗੁਰਚਰਨ ਸਿੰਘ ਝੱਬਰ, ਹਰਬੰਸ ਸਿੰਘ ਭੁਪਾਲ, ਰਘਵੀਰ ਸਿੰਘ ਝੱਬਰ, ਬਲਦੇਵ ਸਿੰਘ ਖੋਖਰ, ਮਿੱਠੂ ਸਿੰਘ ਬਹਾਦਰਪੁਰ, ਅੰਗਰੇਜ਼ ਸਿੰਘ ਮੌਜੀਆ, ਗੁਰਤੇਜ ਸਿੰਘ ਭੈਣੀ, ਬਿੱਕਰ ਸਿੰਘ ਹਸਨਪੁਰ, ਗੁਰਚਰਨ ਸਿੰਘ ਬੋੜਾਵਾਲ, ਗੁਰਨਾਮ ਸਿੰਘ ਰੜ੍ਹ, ਨਿਰਮਲ ਸਿੰਘ ਤਾਮਕੋਟ, ਗੁਰਜੀਵਨ ਸਿੰਘ ਮਾਖਾ, ਧਰਮਿੰਦਰ ਸਿੰਘ ਬਰਨਾਲਾ, ਸੁਖਦੇਵ ਸਿੰਘ ਦਰੀਆਪੁਰ, ਮਹਿੰਦਰ ਸਿੰਘ ਗੁੜੱਦੀ ਆਦਿ ਹਾਜ਼ਰ ਸਨ |