ਸਰਬਪੱਖੀ ਕੀਟ ਪ੍ਰਬੰਧਨ ਸੰਬੰਧੀ ਦੋ ਰੋਜ਼ਾ ਮਨੁੱਖੀ ਸਰੋਤ ਵਿਕਾਸ ਸਿਖਲਾਈ ਪ੍ਰੋਗਰਾਮ ਕਰਵਾਇਆ
ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਕੇਂਦਰੀ ਸਰਬਪੱਖੀ ਕੀਟ ਪ੍ਰਬੰਧਨ ਕੇਂਦਰ ਜਲੰਧਰ ਵਲੋਂ ਪਿੰਡ ਗੋਨਿਆਣਾ ਵਿਖੇ ਦੋ ਰੋਜ਼ਾ ਮਨੁੱਖੀ ਸਰੋਤ ਵਿਕਾਸ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਫ਼ਸਲਾਂ ਦੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ, ਸਰਬਪੱਖੀ ਕੀਟ ਪ੍ਰਬੰਧਨ ਦੇ ਤਰੀਕਿਆਂ ਅਤੇ ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਬਾਰੇ ਜਾਣੂ ਕਰਵਾਉਣਾ ਸੀ।
ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਕੇਂਦਰੀ ਸਰਬਪੱਖੀ ਕੀਟ ਪ੍ਰਬੰਧਨ ਕੇਂਦਰ ਜਲੰਧਰ ਵਲੋਂ ਪਿੰਡ ਗੋਨਿਆਣਾ ਵਿਖੇ ਦੋ ਰੋਜ਼ਾ ਮਨੁੱਖੀ ਸਰੋਤ ਵਿਕਾਸ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਫ਼ਸਲਾਂ ਦੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ, ਸਰਬਪੱਖੀ ਕੀਟ ਪ੍ਰਬੰਧਨ ਦੇ ਤਰੀਕਿਆਂ ਅਤੇ ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਬਾਰੇ ਜਾਣੂ ਕਰਵਾਉਣਾ ਸੀ। ਸਿਖਲਾਈ ਦੌਰਾਨ ਖੇਤੀਬਾੜੀ ਮਾਹਿਰਾਂ ਵਲੋਂ ਵਿਸਥਾਰਪੂਰਵਕ ਜਾਣਕਾਰੀ ਦੇਣ ਦੇ ਨਾਲ-ਨਾਲ ਕਿਸਾਨਾਂ ਨੂੰ ਖੇਤਾਂ ਦਾ ਦੌਰਾ ਵੀ ਕਰਵਾਇਆ ਗਿਆ, ਤਾਂ ਜੋ ਉਹ ਸਿੱਖੀਆਂ ਗਈਆਂ ਤਕਨੀਕਾਂ ਨੂੰ ਅਮਲੀ ਰੂਪ ਵਿਚ ਸਮਝ ਸਕਣ। ਕੇਂਦਰੀ ਸਰਬਪੱਖੀ ਕੀਟ ਪ੍ਰਬੰਧਨ ਕੇਂਦਰ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਰਬਪੱਖੀ ਕੀਟ ਪ੍ਰਬੰਧਨ (ਆਈ.ਪੀ.ਐਮ.) ਦੀ ਧਾਰਨਾ ਅਤੇ ਇਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਡਾ. ਪੀ.ਸੀ. ਭਾਰਦਵਾਜ ਇੰਚਾਰਜ ਨੇ ਕਿਹਾ ਕਿ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਸਿਰਫ਼ ਰਸਾਇਣਕ ਕੀਟਨਾਸ਼ਕਾਂ ’ਤੇ ਨਿਰਭਰ ਰਹਿਣ ਦੀ ਬਜਾਏ ਖੇਤੀਬਾੜੀ, ਭੌਤਿਕ, ਮਕੈਨੀਕਲ, ਜੈਵਿਕ ਅਤੇ ਰਸਾਇਣਕ ਤਰੀਕਿਆਂ ਨੂੰ ਲੋੜ ਅਨੁਸਾਰ ਸੁਮੇਲ ਨਾਲ ਅਪਣਾਉਣਾ ਚਾਹੀਦਾ ਹੈ। ਇਸ ਨਾਲ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਘਟਾਉਣ ਅਤੇ ਵਾਤਾਵਰਣ ਤੇ ਮਨੁੱਖੀ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਉਨ੍ਹਾਂ ਕਿਸਾਨਾਂ ਨੂੰ ਫੇਰੋਮੋਨ ਟਰੈਪ, ਪੀਲੇ ਅਤੇ ਨੀਲੇ ਚਿਪਚਿਪੇ ਕਾਰਡਾਂ ਅਤੇ ਫਲਾਂ ਦੀ ਮੱਖੀ ਨੂੰ ਕਾਬੂ ਕਰਨ ਲਈ ਵਰਤੇ ਜਾਂਦੇ ਫਾਹਿਆਂ ਬਾਰੇ ਜਾਣਕਾਰੀ ਦਿੱਤੀ। ਕਿਸਾਨਾਂ ਨੂੰ ਸਮਝਾਇਆ ਗਿਆ ਕਿ ਇਨ੍ਹਾਂ ਮਿੱਤਰ ਜੀਵਾਂ ਦੀ ਸੰਭਾਲ ਕਰਕੇ ਫ਼ਸਲਾਂ ਦੇ ਨੁਕਸਾਨਦੇਹ ਕੀੜਿਆਂ ਨੂੰ ਕੁਦਰਤੀ ਢੰਗ ਨਾਲ ਕਾਬੂ ਕਰਨ ਵਿਚ ਸਹਾਇਤਾ ਮਿਲ ਸਕਦੀ ਹੈ। ਫ਼ਸਲਾਂ ਦੇ ਸ਼ੁਰੂਆਤੀ ਪੜਾਅ ਦੌਰਾਨ ਉਲੀ ਤੇ ਬੈਕਟੀਰੀਆ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕਿਸਾਨਾਂ ਨੂੰ ਬਿਜਾਈ ਤੋਂ ਪਹਿਲਾਂ ਬੀਜਾਂ ਦਾ ਟਰਾਈਕੋਡਰਮਾ ਤੇ ਸੂਡੋਮੋਨਾਸ ਨਾਲ ਉਪਚਾਰ ਕਰਨ ਦੀ ਸਲਾਹ ਦਿੱਤੀ ਗਈ। ਮਾਹਿਰਾਂ ਨੇ ਕਿਹਾ ਕਿ ਬੀਜਾਂ ਦਾ ਢੁਕਵਾਂ ਉਪਚਾਰ ਫ਼ਸਲ ਦੀ ਸਿਹਤਮੰਦ ਸ਼ੁਰੂਆਤ ਅਤੇ ਬਿਮਾਰੀਆਂ ਦੇ ਪ੍ਰਬੰਧਨ ਵਿਚ ਸਹਾਇਕ ਹੋ ਸਕਦਾ ਹੈ। ਇਸ ਮੌਕੇ ਚੰਦਰ ਭਾਨ ਸਹਾਇਕ ਪੌਦਾ ਸੁਰੱਖਿਆ ਅਧਿਕਾਰੀ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵਲੋਂ ਜਾਰੀ ਐਨ.ਪੀ.ਐਸ.ਐਸ. ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸੰਜੇ ਡੀ.ਜੇ. ਸਹਾਇਕ ਪੌਦਾ ਸੁਰੱਖਿਆ ਅਧਿਕਾਰੀ ਨੇ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਅਤੇ ਉਨ੍ਹਾਂ ਦੀ ਸੁਰੱਖਿਅਤ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਰਾਜਬੀਰ ਸਿੰਘ ਨੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਸਮੇਂ ਦਸਤਾਨੇ, ਐਨਕਾਂ, ਮਾਸਕ ਤੇ ਐਪਰਨ ਵਰਗੇ ਸੁਰੱਖਿਆ ਉਪਕਰਨ ਪਹਿਨਣ ਦੀ ਮਹੱਤਤਾ ਬਾਰੇ ਦੱਸਿਆ। ਸਿਖਲਾਈ ਪ੍ਰੋਗਰਾਮ ਵਿਚ ਕੇਂਦਰੀ ਸਰਬਪੱਖੀ ਕੀਟ ਪ੍ਰਬੰਧਨ ਕੇਂਦਰ ਦੇ ਅਧਿਕਾਰੀਆਂ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਬਲਾਕ ਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਕਿਸਾਨਾਂ ਨਾਲ ਆਪਣਾ ਵਿਹਾਰਕ ਤਜ਼ਰਬਾ ਸਾਂਝਾ ਕੀਤਾ ਅਤੇ ਰਾਜ ਖੇਤੀਬਾੜੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਜਾਣੂ ਕਰਵਾਇਆ ।