ਮਲੋਟ, 10 ਅਕਤੂਬਰ (ਪਾਟਿਲ)-ਸਿਵਲ ਹਸਪਤਾਲ ਮਲੋਟ ਵਿਖੇ ਸੀ.ਟੀ. ਸਕੈਨ ਮਸ਼ੀਨ ਦਾ ਰਸਮੀ ਉਦਘਾਟਨ 11 ਅਕਤੂਬਰ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਕੀਤਾ ਜਾਵੇਗਾ। ਕੈਬਨਿਟ ਮੰਤਰੀ ਦੇ ਵਿਸ਼ੇਸ਼ ਯਤਨਾਂ ਸਦਕਾ ਹਸਪਤਾਲ ਵਿਚ ਇਹ ਮਸ਼ੀਨ ਪਹੁੰਚ ਚੁੱਕੀ ਹੈ ਅਤੇ ਹੁਣ ਇਲਾਕਾ ਨਿਵਾਸੀਆਂ ਨੂੰ ਜਲਦ ਹੀ ਇਹ ਵੱਡੀ ਸਿਹਤ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ। ਸਿਵਲ ਸਰਜਨ ਡਾ. ਲਖਬੀਰ ਕੌਰ ਸਿੱਧੂ ਨੇ ਦੱਸਿਆ ਕਿ ਸਿਵਲ ਹਸਪਤਾਲ ਮਲੋਟ ਵਿਖੇ ਸਕੈਨ ਸੁਵਿਧਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਕਰਨਗੇ। ਡਾ. ਰਜਿੰਦਰ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਮਲੋਟ ਨੇ ਦੱਸਿਆ ਕਿ ਮਲੋਟ ਅਤੇ ਇਸ ਦੇ ਆਸਪਾਸ ਦੇ ਲਗਪਗ 25 ਤੋਂ ਵੱਧ ਪਿੰਡਾਂ ਦੇ ਲੋਕਾਂ ਲਈ ਇਹ ਇਕ ਵੱਡੀ ਸੌਗ਼ਾਤ ਹੈ। ਹਸਪਤਾਲ ਨੂੰ ਪਹਿਲਾਂ ਹੀ ਬਿਹਤਰ ਸੇਵਾਵਾਂ ਲਈ ‘ਏ’ ਗਰੇਡ ਮਿਲ ਚੁੱਕਾ ਹੈ ਅਤੇ ਹੁਣ ਇਸ ਸੀ.ਟੀ. ਸਕੈਨ ਮਸ਼ੀਨ ਦੇ ਆਉਣ ਨਾਲ ਸਾਡਾ ਮੈਡੀਕਲ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋਵੇਗਾ।