07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅਕਾਲੀ ਆਗੂ ਦਲਵੀਰ ਸਿੰਘ ਕਾਲਾ ਜਵੰਦਾ ’ਤੇ ਗੋਲੀਬਾਰੀ ਦਾ ਮਾਮਲਾ ਗਰਮਾਇਆ ਹਰਸਿਮਰਤ ਨੇ ਹਲਕਾ ਵਿਧਾਇਕ ’ਤੇ ਲਗਾਏ ਦੋਸ਼, ਵਿਧਾਇਕ ਨੇ ਦੋਸ਼ ਨਕਾਰੇ

ਅਜੀਤ ਡੈਸਕ 16-07-2026
ਮਾਨਸਾ, 15 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਮੀਤ ਪ੍ਰਧਾਨ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਵਿੰਦਰ ਸਿੰਘ ਕਾਲਾ ਜਵੰਦਾ ‘ਤੇ ਹੋਈ ਗੋਲੀਬਾਰੀ ਦਾ ਮਾਮਲਾ ਸਿਆਸੀ ਰੰਗ ਫੜ ਗਿਆ ਹੈ। ਦੱਸਣਯੋਗ ਹੈ ਕਿ ਕਾਲਾ ਜਵੰਦਾ ਜੋ ਬਰੇਟਾ ਵਿਖੇ ਆੜ੍ਹਤ ਦਾ ਕੰਮ ਵੀ ਕਰਦੇ ਹਨ, ਬੀਤੇ ਦਿਨ ਜਦੋਂ ਦੇਰ ਸ਼ਾਮ ਆਪਣੀ ਦੁਕਾਨ ਬੰਦ ਕਰ ਕੇ ਪਿੰਡ ਕੁੱਲਰੀਆਂ ਨੂੰ ਜਾਣ ਲੱਗੇ ਸਨ ਤਾਂ ਅਣਪਛਾਤੇ ਵਿਅਕਤੀ ਨੇ ਉਨ੍ਹਾਂ ‘ਤੇ ਗੋਲੀਬਾਰੀ ਕਰ ਦਿੱਤੀ ਸੀ। ਗੋਲੀ ਉਨ੍ਹਾਂ ਦੇ ਪੇਟ ‘ਚ ਜਾ ਲੱਗੀ। ਜ਼ਖ਼ਮੀ ਹਾਲਤ ‘ਚ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ‘ਚ ਦਾਖਲ ਕਰਵਾਇਆ ਗਿਆ, ਜਿਥੋਂ ਗੰਭੀਰ ਹਾਲਤ ਨੂੰ ਵੇਖਦਿਆਂ ਡੀ. ਐਮ. ਸੀ. ਲੁਧਿਆਣਾ ਲਈ ਰੈਫ਼ਰ ਕਰ ਦਿੱਤਾ ਗਿਆ। ਡਾਕਟਰਾਂ ਅਨੁਸਾਰ ਅਪਰੇਸ਼ਨ ਸਫ਼ਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬਰੇਟਾ ਪੁਲਿਸ ਦੇ ਤਫ਼ਤੀਸ਼ੀ ਅਧਿਕਾਰੀ ਨੇ ਅੱਜ ਦੇਰ ਸ਼ਾਮ ਜਵੰਦਾ ਦੇ ਬਿਆਨ ਕਲਮਬੰਦ ਕਰ ਲਏ ਹਨ। ਅਕਾਲੀ ਆਗੂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ‘ਤੇ ਹਮਲਾ ਹਲਕਾ ਬੁਢਲਾਡਾ ਦੇ ਵਿਧਾਇਕ ਨੇ ਗਿਣੀ ਮਿਥੀ ਸਾਜ਼ਿਸ਼ ਤਹਿਤ ਕਰਵਾਇਆ ਹੈ। ‘ਅਜੀਤ’ ਵਲੋਂ ਸੰਪਰਕ ਕਰਨ ‘ਤੇ ਜਵੰਦਾ ਨੇ ਕਿਹਾ ਕਿ ਉਸ ‘ਤੇ ਮੌਜੂਦਾ ਸਰਕਾਰ ਦੌਰਾਨ ਅੱਧੀ ਦਰਜਨ ਤੋਂ ਵਧੇਰੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਵਿਧਾਇਕ ਤੋਂ ਇਲਾਵਾ 4 ਹੋਰ ਵਿਅਕਤੀਆਂ ‘ਤੇ ਹਮਲਾ ਕਰਵਾਉਣ ਦਾ ਬਿਆਨ ਦਰਜ ਕਰਵਾਇਆ ਹੈ। ਜਵੰਦਾ ਦਾ ਇਹ ਵੀ ਦੋਸ਼ ਹੈ ਕਿ ਸਾਜਿਸ਼ਕਰਤਾ ਨੇ ਨੇੜਲੇ ਪਿੰਡਾਂ ਦੇ 2 ਸ਼ੂਟਰਾਂ ਨੂੰ ਹਾਇਰ ਕਰਕੇ ਗੋਲੀਬਾਰੀ ਕਰਵਾਈ ਗਈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਵਿਧਾਇਕ ‘ਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਵਿਧਾਇਕ ਬੁੱਧ ਰਾਮ ਨੇ ਸੰਪਰਕ ਕਰਨ ‘ਤੇ ਹਮਲੇ ਦੀ ਨਿਖੇਧੀ ਕੀਤੀ। ਉਨ੍ਹਾਂ ਸਪਸ਼ਟ ਕਿਹਾ ਕਿ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਆਖਿਆ ਕਿ ਜੇਕਰ ਇਹ ਗੱਲ ਸਾਬਤ ਹੋ ਜਾਵੇ ਤਾਂ ਸਿਆਸਤ ਨੂੰ ਅਲਵਿਦਾ ਕਹਿ ਦੇਣਗੇ। ਉੱਧਰ ਸਿਕੰਦਰ ਸਿੰਘ ਡੀ. ਐਸ. ਪੀ. ਬੁਢਲਾਡਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੁਲਿਸ ਟੀਮ ਨੇ ਲੁਧਿਆਣਾ ਵਿਖੇ ਹਸਪਤਾਲ ਪਹੁੰਚ ਕੇ ਬਿਆਨ ਕਲਮਬੰਦ ਕਰ ਲਏ ਹਨ। ਉਨ੍ਹਾਂ ਕਿਹਾ ਕਿ ਬਿਆਨਾਂ ‘ਤੇ ਆਧਾਰਿਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਕਰਾਟੇ ਖੇਡ ’ਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਾਪਤੀਆਂ ਵਾਲੇ ਖਿਡਾਰੀਆਂ ਦਾ ਸਨਮਾਨ ਅਗਲੀ ਖ਼ਬਰ ਰਾਜਾ ਵੜਿੰਗ ਨੇ ਯੂਥ ਕਾਂਗਰਸ ਦੇ ਨਵ- ਨਿਯੁਕਤ ਪ੍ਰਧਾਨ ਪਰਿੰਦਰ ਪੈਵੀ ਨੂੰ ਦਿੱਤਾ ਥਾਪੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।