ਸ੍ਰੀ ਮੁਕਤਸਰ ਸਾਹਿਬ, 23 ਜੂਨ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ ਸਥਾਨਕ ਡੀਪੂ ਵਿਖੇ ਪ੍ਰਧਾਨ ਜਗਸੀਰ ਸਿੰਘ ਮਾਣਕ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਮਲ ਕੁਮਾਰ ਸੂਬਾ ਸਰਪ੍ਰਸਤ, ਡੀਪੂ ਚੇਅਰਮੈਨ ਤਰਸੇਮ ਸਿੰਘ, ਮੀਤ ਪ੍ਰਧਾਨ ਗੁਰਬਾਜ ਸਿੰਘ, ਜਨਰਲ ਸਕੱਤਰ ਗੁਰਸੇਵਕ ਸਿੰਘ, ਖ਼ਜ਼ਾਨਚੀ ਪ੍ਰੇਮ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਨਛੱਤਰ ਸਿੰਘ ਆਦਿ ਸ਼ਾਮਿਲ ਹੋਏ। ਮੀਟਿੰਗ ਵਿਚ ਬੁਲਾਰਿਆਂ ਨੇ ਦੱਸਿਆ ਕਿ 11 ਜੂਨ ਨੂੰ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਸਰਕਾਰ ਵਲੋਂ ਲਿਖ਼ਤੀ ਪ੍ਰੋਸੀਡਿੰਗ ਜਥੇਬੰਦੀ ਨੂੰ ਦਿੱਤੀ ਗਈ ਸੀ, ਪ੍ਰੰਤੂ ਉਸ ਦੇ ਆਧਾਰ ’ਤੇ ਵੀ ਮਹਿਕਮੇ ਵਲੋਂ ਕੋਈ ਵੀ ਵਰਕਰਾਂ ਦਾ ਕੰਮ ਨਹੀਂ ਕੀਤਾ ਗਿਆ। ਵਰਕਰਾਂ ਦੀ ਆਵਾਜ਼ ਨੂੰ ਦਬਾਉਣ ਲਈ ਮੈਨੇਜਮੈਂਟ ਵਲੋਂ ਵੱਖ-ਵੱਖ ਡੀਪੂਆਂ ਵਿਚੋਂ ਨਾਜਾਇਜ਼ ਤੌਰ ’ਤੇ ਆਰਜੀ ਬਦਲੀਆਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਵਰਕਰਾਂ ਨਾਲ ਸਰਾਸਰ ਧੱਕਾ ਹੈ ਅਤੇ ਜਥੇਬੰਦੀ ਇਸ ਦਾ ਸਖ਼ਤ ਵਿਰੋਧ ਕਰਦੀ ਹੈ। ਆਗੂਆਂ ਨੇ ਕਿਹਾ ਕਿ ਜੇਕਰ ਆਰਜ਼ੀ ਬਦਲੀਆਂ ਬੰਦ ਨਾ ਕੀਤੀਆਂ ਅਤੇ ਮੰਨੀਆਂ ਹੋਈਆਂ ਮੰਗਾਂ ਦੇ ਸੰਬੰਧੀ ਪੱਤਰ ਜਾਰੀ ਨਾ ਕੀਤਾ ਤਾਂ 24 ਤੋਂ 26 ਜੂਨ ਤੱਕ ਤਿੰਨ ਦਿਨ ਮੁਕੰਮਲ ਹੜਤਾਲ ਕੀਤੀ ਜਾਵੇਗੀ ਅਤੇ 25 ਜੂਨ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਾਮਾਨ ਦੀ ਕਮੀ ਕਾਰਨ ਖੜ੍ਹੀਆਂ ਬੱਸਾਂ ਚਲਵਾਈਆਂ ਜਾਣ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਠੇਕੇਦਾਰੀ ਪ੍ਰਥਾ ਖ਼ਤਮ ਕੀਤੀ ਜਾਵੇ, ਕਿੱਲੋਮੀਟਰ ਸਕੀਮ ਬੱਸਾਂ ਬੰਦ ਕੀਤੀਆਂ ਜਾਣ, ਜੇਲ੍ਹਾਂ ਵਿਚ ਬੰਦ ਸਾਥੀਆਂ ਦੇ ਪਰਚੇ ਰੱਦ ਕੀਤੇ ਜਾਣ ਅਤੇ ਨਾਜਾਇਜ਼ ਤੌਰ ’ਤੇ ਡਿਊਟੀ ਤੋਂ ਕੱਢੇ ਮੁਲਾਜ਼ਮਾਂ ਨੂੰ ਡਿਊਟੀ ’ਤੇ ਬਹਾਲ ਕੀਤਾ ਜਾਵੇ।
ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ
ਅਜੀਤ ਡੈਸਕ
24-06-2026