ਮਲੋਟ, 31 ਮਾਰਚ (ਪਾਟਿਲ)-ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ (ਆਰ.ਜੀ.ਪੀ.ਆਰ.ਐੱਸ.) ਪੰਜਾਬ ਵਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਦੋ ਰੋਜ਼ਾ ਜਿਲ੍ਹਾ ਪੱਧਰੀ ਕੈਂਪ ਮਲੋਟ ਵਿਖੇ ਲਗਾਇਆ ਗਿਆ | ਕੈਂਪ ਵਿਚ ਜ਼ਿਲ੍ਹੇ ਭਰ ਤੋਂ 125 ਤੋਂ ਵੱਧ ਪ੍ਰਤੀਭਾਗੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਕੈਂਪ ਦੀ ਸ਼ੁਰੂਆਤ 'ਵੰਦੇ ਮਾਤਰਮ' ਦੇ ਗਾਇਨ ਨਾਲ ਕੀਤੀ ਗਈ | ਇਸ ਮੌਕੇ ਰਾਸ਼ਟਰੀ ਜਨਰਲ ਸਕੱਤਰ ਸੀਤਾ ਰਾਮ ਲਾਂਬਾ, ਸੰਗਠਨ ਦੇ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਬੌਬੀ, ਸੂਬਾ ਚੇਅਰਮੈਨ ਜਸਪ੍ਰੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਹਰਚਰਨ ਸਿੰਘ ਸੋਥਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ, ਰਾਜਿੰਦਰ ਕੌਰ ਬੱਲੂਆਣਾ, ਸੁਧੀਰ ਭਾਦੂ ਅਤੇ ਸ਼ਰਵਣ ਜਾਖੜ ਨੇ ਵੀ ਸ਼ਿਰਕਤ ਕੀਤੀ ਤੇ ਆਪਣੇ ਵਿਚਾਰ ਸਾਂਝੇ ਕੀਤੇ | ਕੈਂਪ ਦੇ ਪਹਿਲੇ ਦਿਨ ਪ੍ਰਤੀਭਾਗੀਆਂ ਨਾਲ ਕਾਂਗਰਸ ਦੀ ਵਿਚਾਰਧਾਰਾ, ਭਾਰਤੀ ਸੰਵਿਧਾਨ ਤੇ ਭਾਰਤ ਦੇ ਆਜ਼ਾਦੀ ਸੰਘਰਸ਼ ਵਰਗੇ ਅਹਿਮ ਵਿਸ਼ਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ | ਸ਼ਾਮ ਵੇਲੇ ਸੱਭਿਆਚਾਰਕ ਪ੍ਰੋਗਰਾਮ ਹੋਇਆ, ਜਿਸ 'ਚ ਸਥਾਨਕ ਕਲਾ ਤੇ ਸੱਭਿਆਚਾਰ ਦੀ ਪੇਸ਼ਕਾਰੀ ਕੀਤੀ ਗਈ | ਦੂਜੇ ਦਿਨ ਦੀ ਸ਼ੁਰੂਆਤ ਤੇ ਸੇਵਾ ਕਾਰਜ ਦੀ ਸ਼ੁਰੂਆਤ ਸਮਾਜਿਕ ਸੇਵਾ ਨਾਲ ਹੋਈ | ਸਮੂਹ ਪ੍ਰਤੀਭਾਗੀਆਂ ਨੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਪਹੁੰਚ ਕੇ 'ਸ਼ਰਮਦਾਨ' ਕੀਤਾ | ਇਸ ਦੌਰਾਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਤੇ ਆਲੇ-ਦੁਆਲੇ ਦੇ ਖੇਤਰ ਦੀ ਸਫ਼ਾਈ ਕੀਤੀ ਗਈ | ਇਸ ਤੋਂ ਬਾਅਦ ਹੋਈਆਂ ਚਰਚਾਵਾਂ 'ਚ ਪੰਚਾਇਤੀ ਰਾਜ ਸੰਸਥਾਵਾਂ ਤੇ ਰਾਸ਼ਟਰ ਨਿਰਮਾਣ ਵਿਚ ਪੰਚਾਇਤਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ | ਕੈਂਪ ਦੇ ਅਖ਼ੀਰ 'ਚ ਗੁਰਮੀਤ ਨਾਗਪਾਲ ਤੇ ਆਰ.ਜੀ.ਪੀ.ਆਰ.ਐੱਸ. ਦੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਬਰਾੜ ਨੇ ਆਏ ਹੋਏ ਸਾਰੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ ਤੇ ਕੈਂਪ ਨੂੰ ਸਫ਼ਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ |