18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕਹਾਣੀ ਵੰਸ਼

ਕਹਾਣੀ ਵੰਸ਼

ਅਜੀਤ ਡੈਸਕ 18-10-2026

ਹਾੜ੍ਹੀ ਦੀ ਫ਼ਸਲ ਪੱਕ ਚੱੁਕੀ ਸੀ | ਸਰਦਾਰ ਖੇਤਾਂ ਦੇ ਬੰਨੇ-ਬੰਨੇ ਟਹਿਲਦਾ ਪਿਆ ਸੀ, ਅੰਤਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਸੀ | ਕਰੇ ਵੀ ਕਿਉਂ ਨਾ? ਧੀਆਂ-ਪੁੱਤਾਂ ਵਾਂਗ ਪਾਲੀ ਫ਼ਸਲ | ਘਰ ਦੇ ਜੀਆਂ ਨੂੰ ਵੀ ਡਾਹਢਾ ਚਾਅ, ਜੋ ਆਪੋ-ਆਪਣੀਆਂ ਆਸਾਂ ਤੇ ਉਮੰਗਾਂ ਸਜਾਈ ਬੈਠੇ ਸਨ | ਬਿਲਕੁਲ ਉਸੇ ਤਰ੍ਹਾਂ ਹੀ ਬੱਲੀਆਂ ਵਿਚ ਦਾਣੇ ਬਾਹਰ ਆਉਣ ਲਈ ਉਤਾਵਲੇ ਸਨ | ਕੋਈ ਕਹਿ ਰਿਹਾ ਸੀ, 'ਮੈਂ ਆਪਣੇ ਵੰਸ਼ ਵਿਚ ਵਾਧਾ ਕਰਾਂਗਾ' ਤੇ ਕੋਈ ਕਹਿ ਰਿਹਾ ਸੀ, 'ਮੈਂ ਦੇਸ਼ ਦਾ ਅੰਨ-ਭੰਡਾਰ ਭਰਾਂਗਾ | ਜਿਹੜਾ ਵੀ ਖਾਓ, ਉਹ ਪਹਿਲਵਾਨ ਬਣੂ ਜਾਂ ਬੁੱਧੀਜੀਵੀ |' 

ਕਦੇ-ਕਦੇ ਖੇਤਾਂ ਦਾ ਆਨੰਦ ਮਾਣਨ ਲਈ ਸਰਦਾਰ ਹੁਰਾਂ ਦਾ ਸਾਰਾ ਪਰਿਵਾਰ ਹੀ ਆ ਜਾਇਆ ਕਰਦਾ ਸੀ | ਬੱਚੇ ਬੜੇ ਖੁਸ਼ ਹੁੰਦੇ ਸਨ, ਪੋਲ਼ੇ ਪੋਲ਼ੇ ਮੂੰਹ ਨਾਲ ਦਿਲ ਨੂੰ ਛੂਹ ਜਾਣ ਵਾਲੀਆਂ ਗੱਲਾਂ ਕਰਦੇ ਸਨ, 'ਫਸਲ ਨੂੰ ਸੋਨੇ ਦੀ ਝਾਲ ਕੌਣ ਫੇਰ ਗਿਐ? ਕਿੰਨਾ ਸੋਹਣਾ-ਮਨਮੋਹਣਾ ਦਿ੍ਸ਼ ਐ, ਦੇਖ ਕੇ ਭੱੁਖ ਲਹਿੰਦੀ ਐ |'
ਬੱਲੀਆਂ ਵਿਚ ਦਾਣੇ ਕੁਰਬਲ-ਕੁਰਬਲ ਕਰ ਰਹੇ ਸਨ, ਸਰਦਾਰ ਹੁਰਾਂ ਨੂੰ ਕੁਝ ਕਹਿ ਰਹੇ ਸਨ, 'ਥੋਡੇ ਅਗਲੇ ਪਿਛਲੇ ਧੋਣੇ ਧੋ ਦਿਆਂਗੇ | ਭਾਵੇਂ ਆੜ੍ਹਤੀਏ ਦਾ ਕਰਜ਼ਾ ਉਤਾਰਿਓ ਜਾਂ ਕਟਿਓ ਸ਼ਾਹਾਂ ਦਾ ਹਿਸਾਬ-ਕਿਤਾਬ | ਐਤਕਾਂ ਤੁਸਾਂ ਮਿਹਨਤ ਵੀ ਬਹੁਤ ਕੀਤੀ ਏ | ਇਸ ਦਾ ਫ਼ਲ ਜ਼ਰੂਰ ਮਿਲਣਾ ਚਾਹੀਦੈ | ਹੋਰ ਤਾਂ ਹੋਰ, ਕੁਦਰਤ ਦਾ ਵੀ ਧੰਨਵਾਦ ਕਰਨਾ ਬਣਦਾ ਏ | ਨਾ ਹੜ੍ਹ ਆਏ ਨਾ ਸੋਕਾ | ਸਗੋਂ ਚੱਤੋ-ਪਹਿਰ ਰਿਹਾ ਏ ਕਿਸਾਨ ਦਾ ਗੁੜ੍ਹ 'ਚ ਰੰਬਾ |'
ਦਾਣਿਆਂ ਦਾ ਧੰਨਵਾਦ ਕਰਦਿਆਂ ਹੋਇਆਂ ਸਰਦਾਰ ਜੀ ਕਹਿ ਰਹੇ ਸਨ, 'ਕੁਝ ਖਾਣ ਲਈ ਰੱਖ ਲੈਵਾਂਗੇ, ਕੁਝ ਬੀਜ ਲਈ ਅਤੇ ਬਾਕੀ ਮੰਡੀ ਵੇਚਾਂਗਾ | ਚਾਰ ਪੈਸੇ ਆਉਣਗੇ | ਘਰ ਦਾ ਖ਼ਰਚ-ਪਾਣੀ ਚੱਲੂ | ਕਿੱਦਾਂ ਦਾ ਸਮਾਂ ਆ ਗਿਆ? ਪੈਸੇ ਬਿਨਾਂ ਪੱਤਾ ਨਈਾ ਹਿੱਲਦਾ | ਘਰ ਦੇ ਛੋਟੇ-ਛੋਟੇ ਖ਼ਰਚ ਈ ਸਾਹ ਨਹੀਂ ਲੈਣ ਦਿੰਦੇ | ਸਰਦਾਰਨੀ ਨੇ ਅਖੰਡ ਪਾਠ ਸੁਖਿਆ ਈ ਤੇ ਮੇਰੇ ਦਿਲ ਦੀ ਤਮੰਨਾ ਏ ਕਿ ਸਰਦਾਰਨੀ ਨੂੰ 'ਗ਼ਲ ਦਾ ਹਾਰ' ਬਣਾ ਦਿਆਂ | ਔਖ ਵੇਲੇ ਸਰਦਾਰਨੀ ਦਾ ਗਹਿਣਾ-ਗੱਟਾ ਵੇਚ ਦਿੱਤਾ ਸੀ | ਅੱਗੋਂ ਵੀ ਲੋੜ ਪੈ ਸਕਦੀ ਏ |...'
'ਵਿਉਂਤਕਾਰੀ ਵਧੀਆ ਕੀਤੀ ਏ ਸਰਦਾਰ ਜੀ | ਉਹ ਵੀ ਅੱਜਕੱਲ੍ਹ ਦੇ ਸਮੇਂ ਵਿਚ | ਖਰਚਿਆਂ ਦਾ ਪਤਾ ਨਈਾ ਚਲਦਾ | ਭੰਡਾ ਭੰਡਾਰੀਏ ਕਿੰਨਾ ਕੁ ਭਾਰ, ਇਕ ਮੁੱਠ ਚੁੱਕ ਲੈ ਦੂਜੀ ਤਿਆਰ | ਹੁਣ ਤਾਂ ਸਾਡੇ ਪਾਲਣ-ਪੋਸ਼ਣ 'ਤੇ ਵੀ ਚੋਖਾ ਖਰਚ ਆ ਜਾਂਦੈ | ਕਦੇ ਖਾਦ ਦਾ, ਕਦੇ ਪਾਣੀ ਦਾ | ਕਦੇ ਨਦੀਨ-ਨਾਸ਼ਕਾਂ ਦਾ, ਕਦੇ ਬਿਮਾਰੀ ਦੀ ਰੋਕਥਾਮ ਦਾ | ਇਸ ਤੋਂ ਇਲਾਵਾ, ਹੋਰ ਵੀ ਕਈ ਖਰਚ, ਜਿਵੇਂ ਬੀਜਾਈ ਦਾ, ਕਟਾਈ ਦਾ, ਆਦਿ-ਆਦਿ | ਫ਼ਸਲ ਪਾਲਣਾ ਕੋਈ ਖਾਲਾ ਜੀ ਦਾ ਵਾੜਾ ਨਈਾ |'
ਬੱਚੇ ਪੁੱਛਦੇ ਨੇ, 'ਦਾਣੇ ਬੱਲੀਆਂ 'ਚ ਕਿਉਂ ਲੁਕੇ ਰਹਿੰਦੇ?' ਸਰਦਾਰ ਜੀ ਜਵਾਬ ਦੇਂਦੇ ਨੇ, 'ਕੁਦਰਤ ਨੇ ਇਨ੍ਹਾਂ ਨੂੰ ਵਧੀਆ ਵਸਤਰ ਦਿੱਤੇ | ਨਾ ਗਰਮੀ ਲੱਗੇ, ਨਾ ਸਰਦੀ ਤੇ ਨਾ ਹੀ ਮੀਂਹ-ਕਣੀ ਦਾ ਡਰ | ਜਿੱਦ੍ਹਾਂ ਮਨੁੱਖ ਆਪਣੇ ਘਰਾਂ 'ਚ ਹੱਸਦਾ-ਖੇਡਦਾ ਏ, ਹਠਖੇਲੀਆਂ ਕਰਦਾ ਏ, ਬਿਲਕੁਲ ਉਸੇ ਤਰ੍ਹਾਂ ਈ ਦਾਣੇ ਵੀ ਬੱਲੀਆਂ ਵਿਚ ਮੌਜਮਸਤੀ ਕਰਦੇ ਨੇ, ਇਕ-ਦੂਜੇ ਨਾਲ ਸ਼ਰਾਰਤਾਂ ਕਰਦੇ ਨੇ |' 
'ਬਹੁਤ ਵਧੀਆ ਕੀਤਾ ਏ ਸਰਦਾਰ ਜੀ | ਬੱਚਿਆਂ ਨੂੰ ਥੋੜ੍ਹੇ ਲਫਜ਼ਾਂ ਵਿਚ ਸਮਝਾ 'ਤਾ | ਬੱਲੀਆਂ ਈ ਸਾਡੇ ਘਰ ਨੇ | ਏਹੀ ਸਾਡੇ ਵਸਤਰ | ਇਨ੍ਹਾਂ ਵਿਚ ਅਸੀਂ ਹੱਸੀ-ਖੇਡੀ ਦਾ | ਲੇਕਿਨ ਵਢਾਈ-ਕਟਾਈ ਦਾ ਕੰਮ ਸ਼ੁਰੂ ਹੋ ਗਿਆ | ਖਬਰੇ ਦੁਬਾਰਾ ਮੇਲ ਹੋਵੇ ਜਾਂ ਨਾ |...' 'ਇਹ ਤਾਂ ਕੁਦਰਤ ਦੀ ਖੇਡ ਏ ਦੋਸਤੋ |…..ਇਹਦੇ ਵਿਚ ਅਸੀਂ ਕੁਝ ਨਈਾ ਕਰ ਸਕਦੇ |'
ਸਰਦਾਰ ਨੇ ਰਾਤੋਂ-ਰਾਤ ਕੰਬਾਈਨ ਮੰਗਵਾ ਲਈ | 'ਸਾਡਾ ਸਾਰਾ ਪਰਿਵਾਰ ਵਿਛੜ ਗਿਆ | ਮੈਂ ਰਹਿ ਗਿਆ ਏ ਕਲਮ-ਕੱਲਾ | ਭੈਣ-ਭਰਾ ਖ਼ਬਰੇ ਕਿੱਥੇ ਤੁਰ ਗਏ? ਮਾਤਾ-ਪਿਤਾ ਤਾਂ ਸਾਨੂੰ ਜਨਮ ਦੇਂਦੇ ਸਾਰ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਪਰਮਾਤਮਾ ਉਨ੍ਹਾਂ ਦਾ ਸਵਰਗ ਵਿਚ ਵਾਸਾ ਕਰੇ |' ਮੇਰੀ ਦਿਲੀ ਇੱਛਾ ਸੀ ਕਿ ਕਿਸਾਨ 'ਸੁਧਰੇ ਬੀਜ' ਵਜੋਂ ਮੈਨੂੰ ਵੀ ਰੱਖ ਲਵੇ, ਕਿਉਂਕਿ ਮੇਰਾ ਗੁੰਦਵਾਂ ਸਰੀਰ ਤੇ ਰੰਗ-ਰੂਪ ਵੀ ਹੱਦੋਂ ਵੱਧ ਸੋਹਣਾ ਸੀ, ਨਤੀਜੇ ਵਜੋਂ ਮੈਂ ਆਪਣੇ ਵੰਸ਼ ਨੂੰ ਅੱਗੇ ਵਧਾ ਸਕਾਂ, ਦੇਸ਼ ਦੇ ਅੰਨ-ਭੰਡਾਰ ਵਿਚ ਯੋਗਦਾਨ ਪਾ ਸਕਾਂ | ਪਰੰਤੂ, ਇਸ ਤਰ੍ਹਾਂ ਨਈਾ ਹੋਇਆ | 
ਕਿਸਾਨ ਨੇ ਸਾਨੂੰ ਟਰਾਲੀ 'ਚ ਸੁੱਟਿਆ ਤੇ ਜਾ ਮੰਡੀ ਵਿਚ ਢੇਰੀ ਕੀਤਾ | ਤਿੰਨ-ਚਾਰ ਦਿਨਾਂ ਬਾਅਦ ਬੋਲੀ ਹੋਈ | ਸਾਨੂੰ ਸਰਕਾਰੀ ਬੋਰੀਆਂ ਵਿਚ ਬੰਦ ਕਰ ਕੇ ਖੁੱਲ੍ਹੇ ਅਸਮਾਨ ਹੇਠ ਟਿਕਾ ਦਿੱਤਾ | ਮੈਨੂੰ ਅਜੇ ਵੀ ਪੂਰੀ ਉਮੀਦ ਸੀ ਕਿ ਸ਼ਾਇਦ ਕੋਈ ਦੂਜਾ ਕਿਸਾਨ 'ਸੁਧਰੇ ਬੀਜ' ਵਜੋਂ ਆਪਣੇ ਘਰ ਲੈ ਜਾਵੇ ਤੇ ਮੈਂ ਆਪਣੇ ਇਰਾਦੇ ਵਿਚ ਕਾਮਯਾਬ ਹੋ ਸਕਾਂ, ਆਪਣੇ ਦੇਸ਼ ਦੀ ਸੇਵਾ ਕਰ ਸਕਾਂ | ਪਰੰਤੂ, ਮੇਰੀਆਂ ਆਸ਼ਾਵਾਂ ਤੇ ਉਮੰਗਾਂ ਦਿਲ  ਵਿਚ ਈ ਰਹਿ ਗਈਆਂ |
ਥੋੜ੍ਹੇ ਦਿਨਾਂ ਬਾਅਦ ਬਰਸਾਤ ਸ਼ੁਰੂ ਹੋ ਗਈ | ਸਾਡੇ ਉਤੇ ਮੋਟੀ ਤਰਪਾਲ ਪਾਈ ਗਈ | ਖੈਰ! ਇਹ ਤਰਪਾਲ ਮਜ਼ਬੂਤ ਸੀ ਅਤੇ ਧਰਤੀ-ਮਾਂ ਵਾਲੇ ਪਿਾਸਓਾ ਮੈਂ ਪੰਜਵੀਂ ਬੋਰੀ ਵਿਚ ਸਾਂ | ਬਰਸਾਤ ਵੀ ਮੋਲੇਧਾਰ ਬਰਸ ਰਹੀ ਸੀ | ਨ੍ਹੇਰੀ-ਝੱਖੜ ਆਏ | ਮੈਨੂੰ ਅਜੇ ਵੀ ਪੂਰੀ ਆਸ ਸੀ ਕਿ ਮੈਂ ਗਿੱਲ਼ਾ ਹੋਣ ਤੋਂ ਬਚ ਜਾਵਾਂਗਾ | ਪਰ, ਈਕਣ ਨਾ ਹੋਇਆ |
ਤਿੰਨ-ਚਾਰ ਦਿਨ ਲਗਾਤਾਰ ਬਰਸਾਤ ਹੁੰਦੀ ਰਹੀ ਤੇ ਨਤੀਜੇ ਵਜੋਂ ਹੜ੍ਹ ਆ ਗਿਆ | ਅਸੀਂ ਪਾਣੀ ਵਿਚ ਡੁਬਕੀਆਂ ਲਾਉਣ ਲੱਗੇ | ਭਾਵੇਂ ਪਾਣੀ ਕੁਝ ਘੰਟੇ ਹੀ ਰਿਹਾ, ਲੇਕਿਨ ਇੱਕ ਵਾਰ ਤਾਂ ਪੂਰੇ ਨੁੱਚੜ ਗਏ | ਅਗਲੇ ਦਿਨ ਬਰਸਾਤ ਹਟ ਗਈ ਤੇ ਸੂਰਜ ਮਾਰ ਰਿਹਾ ਸੀ ਲਿਸ਼ਕੋਰ | ਭਲਾ ਹੋਵੇ ਉਨ੍ਹਾਂ ਵਿਅਕਤੀਆਂ ਦਾ, ਜਿਨ੍ਹਾਂ ਨੇ ਸਾਨੂੰ ਫਰਸ਼ 'ਤੇ ਵਿਛਾ ਦਿੱਤਾ | ਸਾਡਾ ਕੱਦ-ਕਾਠ ਤਾਂ ਪਹਿਲਾਂ ਨਾਲੋਂ ਦੂਣਾ ਹੋ ਚੁੱਕਾ ਸੀ | 
ਇੱਕ ਨੌਜਵਾਨ, ਜੋ ਸਾਡੀ ਰਾਖੀ ਕਰ ਰਿਹਾ ਸੀ, ਦੇ ਦਿਲ ਵਿਚ ਖਿਆਲ ਆਇਆ, 'ਮੈਂ ਭੱਠੀ ਤੋਂ ਦਾਣੇ ਭੁਨਾ ਕੇ ਲਿਆਵਾਂ!...' ਉਸ ਨੇ ਕਿਲੋ ਕੁ ਦਾਣੇ ਪਾਏ ਤੇ ਭੱਠੀ 'ਤੇ ਪਹੁੰਚ ਗਿਆ | ਮੈਂ ਵੀ ਉਨ੍ਹਾਂ ਦਾਣਿਆਂ ਵਿਚ ਸਾਂ | ਅਜੇ ਵੀ ਮੈਨੂੰ ਪੂਰੀ ਆਸ ਸੀ, 'ਸ਼ਾਇਦ ਮੈਨੂੰ ਕੋਈ ਕਿਸਾਨ ਆਪਣੇ ਖੇਤ ਵਿਚ ਬੀਜਣ ਲਈ ਲੈ ਜਾਵੇ ਤੇ ਸਿੱਟੇ ਵਜੋਂ ਮੈਂ ਆਪਣੇ ਦੇਸ਼ ਦੇ ਅੰਨ-ਭੰਡਾਰ 'ਚ ਵਾਧਾ ਕਰ ਸਕਾਂ |' ਭਾਵੇਂ ਮੈਨੂੰ ਇੰਨਾ ਤਾਂ ਗਿਆਨ ਹੋ ਗਿਆ ਸੀ ਕਿ ਮੇਰੀ ਸੁੰਦਰਤਾ ਪਹਿਲੇ ਵਾਲੀ ਨਹੀਂ ਰਹੀਂ, ਲੇਕਿਨ ਆਸ ਤਾਂ ਆਸ ਹੁੰਦੀ ਏ | ਸਿਆਣੇ ਕਹਿੰਦੇ ਨੇ, 'ਆਸਾਂ ਲਾ ਕੇ ਜੋ ਜ਼ਿੰਦਗੀ ਜਿਊਾਦੇ ਨੇ, ਉਹ ਤਰ ਜਾਂਦੇ ਨੇ |'
ਭੱਠੀ ਵਾਲੀ ਦੇ ਮਨ ਵਿਚ ਖਿਆਲ ਆਇਆ, 'ਇਹ ਦਾਣੇ ਬਹੁਤ ਵਧੀਆ ਨੇ, ਕਿਉਂ ਨਾ, ਆਪਣੇ ਖੇਤ ਲਈ 'ਸੁਧਰੇ ਬੀਜ' ਵਜੋਂ ਰੱਖ ਲਵਾਂ?' ਉਹ ਇਹ ਵੀ ਜਾਣਦੀ ਸੀ ਕਿ ਐਤਕੀਂ ਬੀਜ-ਬੂਜ ਨਹੀਂ ਮਿਲਣੇ | ਉਸ ਨੇ ਸਾਨੂੰ ਸੰਭਾਲ ਕੇ ਰੱਖ ਲਿਆ ਤੇ ਰੋਜ਼ ਧੁੱਪ ਲਵਾਉਂਦੀ ਰਹੀ | ਸਾਡਾ ਰੰਗ-ਰੂਪ ਹੀ ਨਹੀਂ, ਸਗੋਂ ਵਜੂਦ ਵੀ ਨਿੱਖਰ ਗਿਆ | 
ਭੱਠੀ ਵਾਲੀ ਕੋਲ ਸਿਰਫ ਇੱਕ ਖੇਤ ਸੀ | ਉਸ ਨੂੰ ਚੰਗੀ ਤਰ੍ਹਾਂ ਤਿਆਰ ਕਰਵਾਇਆ ਅਤੇ ਬੜੀਆਂ ਹੀ ਰੀਝਾਂ ਨਾਲ ਇਸ ਵਿਚ ਸਾਨੂੰ ਬੀਜ ਦਿੱਤਾ | ਉਹ ਤਾਂ ਇਹ ਵੀ ਕਹਿ ਰਹੀ ਸੀ, 'ਪਤਾ ਨਹੀਂ ਬੀਜ ਉਗੇਗਾ ਜਾਂ ਨਹੀਂ | ਐਤਕੀਂ ਬਰਸਾਤ ਨੇ ਤਾਂ ਬਸ ਈ ਕਰਾ ਤੀ |' 
ਮੇਰੀ ਖੁਸ਼ੀ ਦੀ ਹੱਦ ਨਾ ਰਹੀ | ਮੈਨੂੰ ਪੂਰੀ ਉਮੀਦ ਸੀ, 'ਮੇਰਾ ਵੰਸ਼ ਅੱਗੇ ਹੀ ਅੱਗੇ ਚਲਦਾ ਜਾਏਗਾ ਅਤੇ ਮੈਂ ਆਪਣੇ ਦੇਸ਼ ਦੀ ਜੀਅ ਭਰ ਕੇ ਸੇਵਾ ਕਰਾਂਗਾ |' ਮੈਂ ਇੱਕ ਸੋਹਣੇ ਜਿਹੇ ਬੂਟੇ ਨੂੰ ਜਨਮ ਦਿੱਤਾ ਤੇ ਆਪ ਸਵਰਗਪੁਰੀ ਦੇ ਰਾਹ ਪੈ ਗਿਆ |... 

-# 402-ਈ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ-141 013
ਮੋ: 94170-01983

ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ ਅਗਲੀ ਖ਼ਬਰ ਤਪਦੇ ਸੂਰਜ੍ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।