ਦੋਵਾਂ ਭਰਾਵਾਂ ਦੀ ਵੰਡ-ਵੰਡਾਈ ਦਾ ਮਸਲਾ ਜਦੋਂ ਜ਼ਿਆਦਾ ਹੀ ਗੰਭੀਰ ਹੋ ਗਿਆ ਤਾਂ ਪਿੰਡ ਦੀ ਪੰਚਾਇਤ ਬੁਲਾਈ ਗਈ | ਪੰਚਾਇਤ ਨੇ ਦੋਵਾਂ ਦੀ ਸਹਿਮਤੀ ਨਾਲ ਘਰ ਦੀਆਂ ਸਾਰੀਆਂ ਵਸਤਾਂ ਠੀਕ ਢੰਗ ਨਾਲ ਵੰਡ ਦਿੱਤੀਆਂ ਸਨ |

ਅਖੀਰ ਵਿਚ ਬੁੱਢੇ ਮਾਂ-ਬਾਪ ਦੀ ਗੱਲ ਚੱਲੀ | ਪੰਚਾਇਤ ਨੇ ਦੋਵਾਂ ਭਰਾਵਾਂ ਨੂੰ ਪੁੱਛਿਆ, 'ਦੱਸੋ ਬਾਈ! ਮਾਂ-ਬਾਪ ਨੂੰ ਕਿਹੜਾ ਸਾਂਭੇਗਾ?' ਦੋਵੇਂ ਭਰਾ ਚੁੱਪ ਸੀ | ਵਾਰ-ਵਾਰ ਪੁੱਛਣ 'ਤੇ ਵੀ ਜਦੋਂ ਉਹ ਸੰਭਾਲਣ ਲਈ ਸਹਿਮਤ ਨਾ ਹੋਏ ਤਾਂ ਪੰਚਾਇਤ ਨੇ ਫ਼ੈਸਲਾ ਕਰ ਦਿੱਤਾ ਕਿ ਇਕ ਬਾਪ ਨੂੰ ਸੰਭਾਲੇਗਾ ਅਤੇ ਦੂਜਾ ਮਾਂ ਨੂੰ ਸੰਭਾਲੇਗਾ | 'ਕਿਉਂ ਬਈ ਸਹਿਮਤ ਹੋ?' ਪੰਚਾਇਤ ਨੇ ਦੋਵਾਂ ਭਰਾਵਾਂ ਨੂੰ ਪੁੱਛਿਆ | ਦੋਵਾਂ ਨੇ ਜੱਕੋ-ਤੱਕੀ ਵਿਚ ਮਲਵੀਂ ਜਿਹੀ ਜੀਭ ਨਾਲ ਹਾਂ ਕਰ ਦਿੱਤੀ | ਹੁਣ ਬੁੱਢਾ ਬਾਪ ਉੱਠਿਆ, ਕੰਬਦੀ ਅਤੇ ਥਿੜਕਦੀ ਆਵਾਜ਼ ਵਿਚ ਬੋਲਿਆ, 'ਮੈਂ ਪੰਚਾਇਤ ਦਾ ਪੁੱਤਰਾਂ ਦੀ ਵੰਡ-ਵੰਡਾਈ ਕਰਵਾਉਣ ਲਈ ਧੰਨਵਾਦ ਕਰਦਾ ਹਾਂ ਅਤੇ ਪੁੱਛਦਾਂ ਹਾਂ ਕਿ ਝਗੜਾ ਮੇਰੇ ਦੋਵਾਂ ਪੁੱਤਰਾਂ ਵਿਚ ਸੀ | ਤੁਸੀਂ ਉਨ੍ਹਾਂ ਨੂੰ ਅੱਡੋ-ਅੱਡੀ ਕਰਕੇ ਵਸਤਾਂ ਵੰਡਣ ਆਏ ਸੀ | ਅਸੀਂ ਦੋਵੇਂ ਜੀਅ ਨਾ ਤਾਂ ਝਗੜੇ ਹਾਂ, ਨਾ ਹੀ ਸਾਡਾ ਕੋਈ ਰੌਲਾ ਹੈ, ਨਾ ਹੀ ਅਸੀਂ ਤੁਹਾਨੂੰ ਬੁਲਾਇਆ ਹੈ | ਮੇਰੀ ਸਮਝ ਤੋਂ ਬਾਹਰ ਹੈ ਕਿ ਅਸੀਂ ਦੋਵਾਂ ਜੀਆਂ ਨੇ ਜਦੋਂ ਵੱਖ ਹੋਣਾ ਸੀ, ਉਦੋਂ ਨਹੀਂ ਹੋਏ, ਹੁਣ ਬੁੱਢੇ ਬਾਰੇ ਸਾਨੂੰ ਧੱਕੇ ਨਾਲ ਹੀ ਵੱਖ ਕਰ ਦਿੱਤਾ ਹੈ |' ਮੈਂ ਵੱਡੇ ਪੁੱਤਰ ਨੂੰ ਪੁੱਛਦਾਂ ਹਾਂ ਕਿ ਮੈਨੂੰ ਉਹ ਰੋਟੀ ਦੇਵੇਗਾ?' ਪੁੱਤਰ ਬੋਲਿਆ, 'ਜਦੋਂ ਪੰਚਾਇਤ ਨੇ ਫੈਸਲਾ ਕਰ ਹੀ ਦਿੱਤਾ ਹੈ, ਮੈਂ ਰੋਟੀ ਦੇਵਾਂਗਾ |' ਬੁੱਢਾ ਬਾਪ ਬੋਲਿਆ, 'ਇਕ ਸਮੇਂ ਕਿੰਨੀਆਂ ਰੋਟੀਆਂ ਦੇਵੇਂਗਾ?' ਪੁੱਤਰ ਬੋਲਿਆ, 'ਦੋ ਈ ਤੂੰ ਖਾਣਾ ਜਦੋਂ ਪੰਚਾਇਤ ਨੇ ਫ਼ੈਸਲਾ ਕਰ ਹੀ ਦਿੱਤਾ ਦੋ ਤਾਂ ਦੇਵਾਂਗਾ ਹੀ |' ਬੁੱਢਾ ਬਾਪ ਬੋਲਿਆ, 'ਮੈਂ ਪੰਚਾਇਤ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਉਹ ਦੋਵੇਂ ਰੋਟੀਆਂ ਦੋਵੇਂ ਜੀਅ ਇਕ-ਇਕ ਕਰਕੇ ਖਾ ਲਿਆ ਕਰਾਂਗੇ ਪਰ ਬੁੱਢੇ ਬਾਰੇ ਵੱਖ ਨਹੀਂ ਹੋ ਸਕਦੇ | ਤੁਸੀਂ ਸਾਰੇ ਕਮਰੇ ਵੰਡ ਲਏ ਹਨ | ਉਹ ਸਾਹਮਣੇ ਵਰਾਂਡੇ ਦੇ ਵਿਚ ਸਾਨੂੰ ਦੋ ਮੰਜੀਆਂ ਦੀ ਥਾਂ ਦੇ ਦੇਵੋ | ਅਸੀਂ ਆਪੇ ਗੁਜ਼ਾਰਾ ਕਰ ਲਵਾਂਗੇ?' ਪੰਚਾਇਤ ਦੇ ਸਾਰੇ ਮੈਂਬਰਾਂ ਦੇ ਮੰੂਹ 'ਤੇ ਸੰਨਾਟਾ ਛਾ ਗਿਆ ਸੀ | ਆਪਣੇ ਮਜਬੂਰੀ ਵਸ ਕੀਤੇ ਫ਼ੈਸਲੇ 'ਤੇ ਬੁਰੀ ਤਰ੍ਹਾਂ ਪਛਤਾਅ ਰਹੇ ਸਨ | ਕੁਝ ਔਰਤ ਮੈਂਬਰਾਂ ਦੀਆਂ ਅੱਖਾਂ ਨਮ ਵੀ ਹੋ ਗਈਆਂ ਸਨ |
-ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ) |
ਮੋਬਾਈਲ : 94635-42896