02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਗ਼ਜ਼ਲ

ਅਜੀਤ ਡੈਸਕ 05-07-2026

ਖ਼ੁਸ਼ੀ ਮਿਲਦੀ ਹੈ ਇਸ ਨੂੰ ਤੁਹਮਤਾਂ 'ਤੇ ਤੁਹਮਤਾਂ ਲਾ ਕੇ।
ਮੈਂ ਫਿਰ ਵੀ ਜ਼ਿੰਦਗੀ ਨੂੰ ਮਿਲਦਾ ਹਾਂ ਗਲਵੱਕੜੀ ਪਾ ਕੇ।

ਚੜ੍ਹੀ ਸੀ ਚੱਕ 'ਤੇ ਖ਼ੌਰੇ ਇਹ ਕਿਹੜੀ ਧਰਤ ਦੀ ਮਿੱਟੀ,
ਕਿ ਦੀਵੇ ਖ਼ੁਸ਼ ਬੜਾ ਹੁੰਦੇ ਨੇ ਅਪਣੀ ਰੌਸ਼ਨੀ ਖਾ ਕੇ।

ਸਮੇਂ ਦੀ ਗਰਦ ਨੂੰ ਜੇ ਵਕਤ ਰਹਿੰਦੇ ਝਾੜ ਹੋਇਆ ਨਾ,
ਕਿਵੇਂ ਸ਼ੀਸ਼ੇ 'ਚ ਤੱਕਾਂਗੇ ਅਸੀਂ ਫਿਰ ਅੱਖ 'ਚ ਅੱਖ ਪਾ ਕੇ।

ਮੇਰੇ ਮੋਢੇ 'ਤੇ ਸਿਰ ਧਰ ਕੇ ਵੀ ਉਸ ਤੋਂ ਰੋ ਨਹੀਂ ਹੋਇਆ,
ਮੈਂ ਗ਼ਮ ਵਿੱਚ ਵੀ ਹਾਂ ਹੱਸ ਲੈਂਦਾ ਉਹਦੀ ਤਸਵੀਰ ਗਲ ਲਾ ਕੇ।

ਕਿਸੇ ਵੀ ਵਕਤ ਦੁਨੀਆਂ ਦਾ ਜੇ ਮੇਲਾ ਛੱਡ ਦੇਣਾ ਸੀ,
ਤਾਂ ਕਾਹਤੋਂ ਉਮਰ ਭਰ ਗਰਦਨ 'ਚ ਸਰੀਆ ਰੱਖਿਆ ਪਾ ਕੇ।
*




*
ਕੈਦ ਵਿਚ ਵੀ ਹਾਂ ਤੇ ਕੋਈ ਕੰਧ ਵੀ ਦਿਸਦੀ ਨਹੀਂ।
ਹੱਥ ਖੜ੍ਹਾ ਕਰਕੇ ਉਹ ਦੱਸੇ, ਇਹ ਕਥਾ ਜਿਸਦੀ ਨਹੀਂ।

ਸ਼ਿਅਰ ਗ਼ਜ਼ਲਾਂ ਦੇ ਬਣਾ ਕੇ ਖ਼ੁਦ ਨੂੰ ਫ਼ਾਰਗ਼ ਕਰ ਲਿਆ,
ਉਂਝ ਹੀ ਅੱਖਾਂ 'ਚੋਂ ਤੇਰੀ ਪੀੜ ਹੁਣ ਰਿਸਦੀ ਨਹੀਂ।

ਇਹ ਤਾਂ ਕੋਈ ਅੰਦਰਲੀ ਤਾਕਤ ਹੀ ਲੈਂਦੀ ਹੈ ਬਚਾ,
ਵਰਨਾ ਮੇਰੇ ਨਾਲ ਚੱਲਦੀ ਦੁਸ਼ਮਣੀ ਕਿਸਦੀ ਨਹੀਂ।

ਵਕਤ ਪਾ ਕੇ ਹੋਰ ਵੀ ਇਹ ਹੁੰਦੀ ਜਾਂਦੀ ਹੈ ਕਠੋਰ,
ਉਫ਼, ਇਹ ਤੇਰੇ ਦਰਦ ਦੀ ਚਾਕੀ ਰਤਾ ਘਿਸਦੀ ਨਹੀਂ।

ਗ਼ੌਰ ਕਰ, ਤੇਰੇ ਹੀ ਸੁਪਨੇ ਹੋਣਗੇ ਵੱਡੇ ਬਹੁਤ,
ਸਾਦਗੀ ਵਿਚ ਤਾਂ ਕਦੇ ਵੀ ਜ਼ਿੰਦਗੀ ਪਿਸਦੀ ਨਹੀਂ।

ਕਾਸ਼, ਇਕ ਵੀ ਸ਼ਖ਼ਸ ਮਿਲ ਜਾਵੇ ਤੁਹਾਡੇ ਸ਼ਹਿਰ 'ਚੋਂ,
ਮੈਂ ਕਹਾਂ ਗ਼ਲਤੀ ਹੈ 'ਮੇਰੀ', ਉਹ ਕਹੇ 'ਇਸਦੀ' ਨਹੀਂ।

ਪਿਛਲੀ ਖ਼ਬਰ 05-07-26 ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।