02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

ਅਜੀਤ ਡੈਸਕ 21-06-2026

ਪਿੰਡ ਮਦਾਰ, ਜ਼ਿਲ੍ਹਾ ਜਲੰਧਰ ਦਾ ਜੰਮਪਲ ਉਂਕਾਰਪ੍ਰੀਤ ਅੱਜਕਲ੍ਹ ਕੈਨੇਡਾ ਦਾ ਵਸਨੀਕ ਹੈ। ਉਸ ਨੇ ਉਲਫ਼ਤ ਬਾਜਵਾ ਦੀ ਅਗਵਾਈ ਵਿਚ ਗ਼ਜ਼ਲ ਲਿਖਣੀ ਸ਼ੁਰੂ ਕੀਤੀ ਸੀ ਤੇ ਉਸ ਦੀਆਂ ਕੁਝ ਗ਼ਜ਼ਲਾਂ ਕਾਫ਼ੀ ਚਰਚਿਤ ਰਹੀਆਂ, ਬਲਕਿ ਉਨ੍ਹਾਂ ਕਾਰਨ ਉਹ ਸਥਾਪਿਤ ਗ਼ਜ਼ਲਕਾਰ ਹੋ ਨਿੱਬੜਿਆ। ਗ਼ਜ਼ਲ ਸੁਹਜ ਤੇ ਇਸ ਦੀਆਂ ਜ਼ਰੂਰਤਾਂ ਬਾਰੇ ਉਸ ਨੂੰ ਚੋਖਾ ਗਿਆਨ ਹਾਸਿਲ ਹੈ। ਉਸ ਦੀਆਂ ਗ਼ਜ਼ਲਾਂ ਦੇ ਵਿਸ਼ੇ ਜ਼ਿਆਦਾਤਰ ਸਮਾਜਿਕ ਤੇ ਰਾਜਨੀਤਕ ਹੁੰਦੇ ਹਨ। ਉਂਕਾਰਪ੍ਰੀਤ ਨੇ ਨਜ਼ਮਾਂ ਵੀ ਲਿਖੀਆਂ ਹਨ ਤੇ ਨਾਟਕਾਂ 'ਤੇ ਵੀ ਕਾਰਜ ਕੀਤਾ ਹੈ। ਵਾਰਤਕ ਲਈ ਉਹ ਜਸਵੰਤ ਸਿੰਘ ਵਿਰਦੀ ਨੂੰ ਆਪਣਾ ਰਹਿਨੁਮਾ ਮੰਨਦਾ ਹੈ। ਐਮ ਐੱਸ ਸੀ ਤੇ ਬੀ ਟੈਕ ਦੀ ਤਾਲੀਮ ਹਾਸਿਲ ਉਂਕਾਰਪ੍ਰੀਤ ਦੀਆਂ ਅੱਧੀ ਦਰਜਨ ਦੇ ਕਰੀਬ ਪੁਸਤਕਾਂ ਛਪੀਆਂ ਹਨ, ਜਿਨ੍ਹਾਂ ਵਿਚ ਦੋ ਗ਼ਜ਼ਲ-ਸੰਗ੍ਰਹਿ, ਇਕ ਕਾਵਿ-ਸੰਗ੍ਰਹਿ ਤੇ ਤਿੰਨ ਨਾਟਕਾਂ ਦੀਆਂ ਹਨ। ਉਸ ਨੇ ਟੋਰਾਂਟੋ ਵਿਖੇ ਕਈ ਸੰਸਥਾਵਾਂ ਦਾ ਗਠਨ ਵੀ ਕੀਤਾ ਹੈ, ਇਸੇ ਕਾਰਨ ਉਹ ਏਥੋਂ ਦੀਆਂ ਅਦਬੀ ਸਰਗਰਮੀਆਂ ਨਾਲ ਨੇੜਿਓਂ ਜੁੜਿਆ ਹੋਇਆ ਹੈ। ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002

ਬਾਜ਼ਾਰ ਤਾਂ ਉਡੀਕੇ, ਮੂੰਹ ਮੰਗੇ ਦਾਮ ਲੈ ਕੇ।
ਪਰ ਦਿਲ ਤੋਂ ਜਾ ਨਾ ਹੋਵੇ ਅਪਣਾ ਕਲਾਮ ਲੈ ਕੇ।

ਪਹੁ-ਫੱਟ ਨੂੰ ਦੁਪਹਿਰੇ ਤਕ ਲੈ ਕੇ ਜਾਣ ਵਾਲਾ,
'ਰਹਿਬਰ' ਉਹ ਡੁੱਬਾ ਹਾਏ ਧੁੱਪ ਵੱਟੇ ਸ਼ਾਮ ਲੈ ਕੇ।

ਅੰਬਰ ਤੋਂ ਟੁੱਟ ਕੇ ਜਿਉਂ ਤਾਰੇ ਖ਼ਲਾਅ 'ਚ ਗੁੰਮਣ,
ਬੁਝਦੇ ਨੇ ਲੋਕ ਏਦਾਂ ਭੁੱਖ ਤੋਂ ਇਨਾਮ ਲੈ ਕੇ।

ਇਕ ਰਾਹੀ ਰੁਕਿਆ, ਰੋਇਆ, ਚੁਪਚਾਪ ਤੁਰ ਪਿਆ ਫਿਰ,
ਮੇਪਲ ਨੂੰ ਜੱਫੀ ਪਾ ਕੇ, ਪਿੱਪਲ ਦਾ ਨਾਮ ਲੈ ਕੇ।

ਦਾਰੂ ਸੀ ਪਾਣੀ-ਪਾਣੀ ਤੇ ਪਿਆਲੇ ਝੂਠੇ ਝੂਠੇ,
ਮਹਿਫ਼ਿਲ 'ਚ ਪੇਸ਼ ਸੀ ਇਕ ਸ਼ਾਇਰ ਕਲਾਮ ਲੈ ਕੇ।

ਲੈ ਪਾਨ ਤੇ ਸੁਪਾਰੀ ਨਨਕਾਣੇ ਜਾਣ ਵਾਲੇ,
ਕਰਤਾਰਪੁਰ ਨੂੰ ਮੁੜਦੇ ਕਾਜੂ-ਬਦਾਮ ਲੈ ਕੇ।
*


*
ਹਰ ਖ਼ੁਸ਼ੀ ਹਰ ਇਕ ਗ਼ਮੀਂ ਕਵਿਤਾ ਜਿਹੀ।
ਜ਼ਿੰਦਗੀ ਚਾਹੀ ਅਸੀਂ ਕਵਿਤਾ ਜਿਹੀ।

ਮਿਲਣਾ ਕਵਿਤਾ, ਵਿਛੜਨਾ ਕਵਿਤਾ ਤੇਰਾ,
ਜੀਣ ਵਿੱਚ ਤੇਰੀ ਕਮੀਂ ਕਵਿਤਾ ਜਿਹੀ।

ਖ਼ਾਬਾਂ ਦੀ ਕਵਿਤਾ ਨੂੰ ਜਦ ਪਿੰਡੋਂ ਤੁਰੇ,
ਪਿੰਡ ਦੇ ਨੈਣੀਂ ਸੀ ਨਮੀਂ ਕਵਿਤਾ ਜਿਹੀ।

'ਦਾਤਾ ਤੂੰ' ਕਵਿਤਾ ਹੈ 'ਘੁੱਗੂ ਘੂੰ' ਦੀ ਹੀ,
ਜੀਂਦੇ ਜੀਅ ਦੀ ਹਓਂ-ਹਮੀਂ ਕਵਿਤਾ ਜਿਹੀ।

ਉੱਤਰ ਆਉਣੇ ਸੁਰਗ-ਸੱਚਖੰਡ ਅੰਬਰੋਂ,
ਹੋ ਗਈ ਜਿਸ ਦਿਨ ਜ਼ਮੀਂ ਕਵਿਤਾ ਜਿਹੀ।

ਖਾਣ ਪਹਿਨਣ ਖ਼ਰਚਣੇ ਨੂੰ ਇਕ ਹੀ ਦਮ,
ਆਦਮੀ ਦੀ 'ਇਕ ਦਮੀਂ' ਕਵਿਤਾ ਜਿਹੀ।

'ਕੈਸੀ ਲੱਗਾਂ?' ਪੁੱਛੇ ਜੇ ਕਵਿਤਾ ਕੁੜੀ,
ਸਿਰ ਪਲੋਸ ਆਖਾਂ 'ਨਵੀਂ ਕਵਿਤਾ ਜਿਹੀ'।

ਹੋਵੇ ਜਿਸ ਵੀ ਰੰਗ ਦੀ ਹੋਵੇ ਬਾ-ਜ਼ਮੀਰ,
ਚਾਹੁੰਦੇ ਹਾਂ ਕਵਿਤਾ ਅਸੀਂ ਕਵਿਤਾ ਜਿਹੀ।

ਪਿਛਲੀ ਖ਼ਬਰ ਹੈਗਾ ਕੋਈ ਦੀਵਾ ਜਗਾੳਣ ਵਾਲਾ ਅਗਲੀ ਖ਼ਬਰ ਨਰੇਸ਼ ਕੁਮਾਰ 'ਸ਼ਾਦ' (1927-1969)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।