ਜਲੰਧਰ, 28 ਅਕਤੂਬਰ (ਐੱਮ. ਐੱਸ. ਲੋਹੀਆ)-ਗ਼ਦਰੀ ਬਾਬਿਆਂ ਦੇ 35ਵੇਂ ਮੇਲੇ ਮੌਕੇ ਪਹਿਲੀ ਨਵੰਬਰ ਸਵੇਰੇ 10 ਵਜੇ ਖੇਡੇ ਜਾਣ ਵਾਲੇ ਸੰਗੀਤ ਨਾਟ ਓਪੇਰੇ ਝੰਡੇ ਦਾ ਗੀਤ ‘ਬਦਲ ਦਿਓ ਸਮਾਜ’ 100 ਦੇ ਕਰੀਬ ਕਲਾਕਾਰਾਂ ਵਲੋਂ ਪੇਸ਼ ਕਰਨ ਲਈ ਦੇਸ਼ ਭਗਤ ਯਾਦਗਾਰ ਹਾਲ ‘ਚ ਪੰਜਾਬ ਦੇ ਕੋਨੇ-ਕੋਨੇ ਤੋਂ ਪੁੱਜੇ ਕਲਾਕਾਰਾਂ ਵਲੋਂ ਵਰਕਸ਼ਾਪ ਦਾ ਆਗਾਜ਼ ਹੋਇਆ। ਅੱਜ ਸ਼ੁਰੂ ਹੋਈ ਵਰਕਸ਼ਾਪ ਪਹਿਲੀ ਨਵੰਬਰ ਸਰਘੀ ਵੇਲੇ ਤੱਕ ਜਾਰੀ ਰਹੇਗੀ ਅਤੇ ਸਵੇਰੇ 10 ਵਜੇ ਕਮੇਟੀ ਮੈਂਬਰ ਦਰਸ਼ਨ ਖਟਕੜ ਵਲੋਂ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਇਹ ਬੀਤੇ 35 ਵਰ੍ਹੇ ਤੋਂ ਲੋਕਾਂ ਅੰਦਰ ਧੂਹ ਪਾਉਂਦੀ ਆ ਰਹੀ ਝੰਡੇ ਦੇ ਗੀਤ ਦੀ ਵੰਨਗੀ ਪੇਸ਼ ਹੋਏਗੀ। ਅਮੋਲਕ ਸਿੰਘ ਦੀ ਰਚਨਾ ਅਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਪੰਜਾਬ ਦੀਆਂ ਦੋ ਦਰਜਣ ਦੇ ਕਰੀਬ ਨਾਟ ਮੰਡਲੀਆਂ ਦੇ ਸੈਂਕੜੇ ਕਲਾਕਾਰ ਝੰਡੇ ਦੇ ਗੀਤ ਦੀ ਪੇਸ਼ਕਾਰੀ ਕਰਨਗੇ।