ਜਲੰਧਰ, 3 ਅਕਤੂਬਰ (ਐੱਮ. ਐੱਸ. ਲੋਹੀਆ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਜ਼ਾਰ ਬਾਂਸਾਂ ਵਾਲਾ ਦੇ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਗੁਰਮੁੱਖ ਸਿੰਘ (ਚੱਕੀ ਵਾਲੇ) ਨੂੰ ਸੁਸਾਇਟੀ ਦਾ ਨਵਾਂ ਪ੍ਰਧਾਨ ਬਣਾਇਆ ਹੈ। ਸੁਸਾਇਟੀ ਦੇ ਜਨਰਲ ਸਕੱਤਰ ਇੰਦਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਸੰਸਥਾ ਦੇ ਬਾਨੀ ਪ੍ਰਧਾਨ ਮਹਿੰਦਰ ਸਿੰਘ ਚਮਕ ਜੋ ਕਿ ਵਡੇਰੀ ਉਮਰ ਹੋਣ ਅਤੇ ਪਿੱਛਲੇ ਕੁਝ ਸਮੇਂ ਤੋਂ ਚੱਲ ਰਹੀ ਸਿਹਤ ਸਮੱਸਿਆ ਕਰਕੇ ਸੁਸਾਇਟੀ ਦੇ ਹਫ਼ਤਾਵਾਰੀ ਪ੍ਰੋਗਰਾਮਾਂ ’ਚ ਹਾਜ਼ਰੀ ਭਰਨ ਤੋਂ ਅਸਮਰੱਥ ਹਨ, ਇਸ ਲਈ ਸ. ਚਮਕ ਵਲੋਂ ਸੁਸਾਇਟੀ ਦੀ ਪ੍ਰਧਾਨਗੀ ਲਈ ਗੁਰਮੁੱਖ ਸਿੰਘ ਦਾ ਨਾਂਅ ਮੈਂਬਰਾਂ ਅੱਗੇ ਰੱਖਿਆ ਗਿਆ ਸੀ। ਮੈਂਬਰਾਂ ਵਲੋਂ ਵੀ ਸੁਸਾਇਟੀ ਦੇ ਸਭ ਤੋਂ ਪੁਰਾਣੇ ਮੈਂਬਰ ਗੁਰਮੁੱਖ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਸ. ਚਮਕ ਨੂੰ ਸ੍ਰਪਰਸਤ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 14 ਮਾਰਚ 1974 ਤੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਆਜ਼ਾਰ ਬਾਂਸਾਂ ਵਾਲਾ ਹੋਂਦ ’ਚ ਆਈ ਸੀ, ਉਸ ਸਮੇਂ ਤੋਂ ਹੀ ਮਹਿੰਦਰ ਸਿੰਘ ਚਮਕ ਵਲੋਂ ਲਗਭਗ ਪੰਜ ਦਹਾਕੇ ਪ੍ਰਧਾਨ ਦੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਗਿਆ। ਉਨ੍ਹਾਂ ਦੇ ਨਾਲ ਕੁਲਦੀਪ ਸਿੰਘ ਨਰੂਲਾ ਨੇ ਬਤੌਰ ਜਨਰਲ ਸਕੱਤਰ ਅਤੇ ਗੁਰਮੁੱਖ ਸਿੰਘ ਨੇ ਬਤੌਰ ਖਜ਼ਾਨਚੀ ਸੁਸਾਇਟੀ ਦੀਆਂ ਸੇਵਾਵਾਂ ’ਚ ਆਪਣਾ ਪੂਰਾ ਸਹਿਯੋਗ ਦਿੱਤਾ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਗੁਰਮੁੱਖ ਸਿੰਘ ਨੇ ਸੁਸਾਇਟੀ ਮੈਂਬਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ।