ਜਲੰਧਰ, 30 ਸਤੰਬਰ (ਐੱਮ. ਐੱਸ. ਲੋਹੀਆ)-’ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਦੇ ਸੱਦੇ ’ਤੇ ‘ਦੇਸ਼ ਭਗਤ ਯਾਦਗਾਰ ਜਲੰਧਰ’ ਦੇ ‘ਵਿਸ਼ਨੂੰ ਗਣੇਸ਼ ਪਿੰਗਲੇ ਹਾਲ’ ਵਿਖੇ ਦਰਸ਼ਨ ਨਾਹਰ, ਕੁਲਵਿੰਦਰ ਸਿੰਘ ਵੜੈਚ ਤੇ ਅਸ਼ਵਨੀ ਕੁਮਾਰ ਲੱਖਣ ਕਲਾਂ ਦੀ ਪ੍ਰਧਾਨਗੀ ਹੇਠ ਭਰਵੀਂ ਰੋਸ ਰੈਲੀ ਕੀਤੀ ਗਈ। ਆਰ.ਐੱਸ.ਐੱਸ.-ਭਾਜਪਾ ਤੇ ਮੋਦੀ ਸਰਕਾਰ ਦੀ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਕਰੋੜਾਂ ਭਾਰਤੀਆਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਲਈ ਕੀਤੀ ਜਾ ਰਹੀ ਵੋਟ ਸੂਚੀਆਂ ਦੀ ‘ਵਿਸ਼ੇਸ਼ ਡੂੰਘੀ ਸੁਧਾਈ’ (ਐੱਸ.ਆਈ.ਆਰ.) ਖਿਲਾਫ਼ ਕੀਤੀ ਗਈ ਇਸ ਰੋਸ ਰੈਲੀ ਨੂੰ ਆਰ.ਐਮ.ਪੀ.ਆਈ., ਸੀ.ਪੀ.ਆਈ. (ਐੱਮ.ਐੱਲ.) ਨਿਊ ਡੈਮੋਕ੍ਰੇਸੀ ਤੇ ਸੀ.ਪੀ.ਆਈ. (ਐੱਮ.ਐੱਲ. ) ਲਿਬ੍ਰੇਸ਼ਨ ਦੇ ਕੇਂਦਰੀ ਤੇ ਸੂਬਾਈ ਆਗੂਆਂ ਮੰਗਤ ਰਾਮ ਪਾਸਲਾ, ਦਰਸ਼ਨ ਖਟਕੜ, ਸੁਖਦਰਸ਼ਨ ਨੱਤ, ਪਰਗਟ ਸਿੰਘ ਜਾਮਾਰਾਏ, ਹੰਸ ਰਾਜ ਪੱਬਵਾਂ ਤੇ ਸੁਰਿੰਦਰ ਸ਼ਰਮਾ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਮਹੀਪਾਲ ਵਲੋਂ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਆਰ.ਐੱਸ.ਐੱਸ. ਦੀਆਂ ਨੀਤੀਆਂ ਅਨੁਸਾਰ ਕੇਂਦਰੀ ਸੱਤਾ ‘ਤੇ ਕਾਬਜ਼ ਮੋਦੀ ਸਰਕਾਰ ਦੇ ਹੁਕਮਾਂ ਤਹਿਤ ਕੀਤੀ ਜਾ ਰਹੀ ਐੱਸ.ਆਈ.ਆਰ., ਸੰਘ-ਭਾਜਪਾ ਦੀ ਸੋਚ ਦੀ ਪੈਦਾਇਸ਼ ਹੈ ਅਤੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਗਿਆਨੇਸ਼ ਕੁਮਾਰ ਇਸ ਸਾਜ਼ਿਸ਼ ਦਾ ਸਭ ਤੋਂ ਵੱਡਾ ਮੋਹਰਾ ਬਣ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਗਿਆਨੇਸ਼ ਕੁਮਾਰ ਨੂੰ ਫੌਰੀ ਬਰਖ਼ਾਸਤ ਕੀਤਾ ਜਾਵੇ ਅਤੇ ਉਸ ਖਿਲਾਫ਼ ਕਨੂੰਨੀ ਕਾਰਵਾਈ ਕੀਤੀ ਜਾਵੇ। ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤ ਰੀ ਅਮਿਤ ਸ਼ਾਹ ਵੀ ਤੁਰੰਤ ਅਸਤੀਫਾ ਦੇਣ। ਉਨ੍ਹਾਂ ਐੱਸ.ਆਈ.ਆਰ. ਤੋਂ ਪਹਿਲਾਂ ਦੀਆਂ ਵੋਟ ਸੂਚੀਆਂ ਇੰਨ-ਬਿੰਨ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਸ਼ਿਵ ਕੁਮਾਰ ਪਠਾਨਕੋਟ, ਸਤੀਸ਼ ਰਾਣਾ , ਮੋਹਣ ਸਿੰਘ ਧਮਾਣਾ, ਚਰਨਜੀਤ ਸਿੰਘ ਭਿੰਡਰ ਵੀ ਮੌਜੂਦ ਸਨ। ਰੋਸ ਰੈਲੀ ਦੀ ਸਮਾਪਤੀ ਤੋਂ ਪਿਛੋਂ ਸ਼ਹਿਰ ‘ਚ ਰੋਹ ਭਰਪੂਰ ਮੁਜ਼ਾਹਰਾ ਵੀ ਕੀਤਾ ਗਿਆ।