26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਰਾਜਪਾਲ ਗੁਲਾਬ ਚੰਦ ਕਟਾਰੀਆ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਵਿਖੇ ਨਤਮਸਤਕ ਹੋਏ

ਜਲੰਧਰ, 25 ਸਤੰਬਰ (ਸ਼ਿਵ ਸ਼ਰਮਾ)-ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅੱਜ ਸਥਾਨਕ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਵਿਖੇ ਨਤਮਸਤਕ ਹੋਏ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਵਿਖੇ ਵੀ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਸੇਵਕ ਧੂਫ ਇੰਡਸਟਰੀ ਵਲੋਂ ਲਗਾਏ ਗਏ ਲੰਗਰ ਦੌਰਾਨ ਸੇਵਾ ਕਰਦੇ ਹੋਏ ਵੰਸ਼ ਸ਼ਰਮਾ ਤੇ ਹੋਰ। ਤਸਵੀਰ. ਮੁਨੀਸ਼ 26-09-2026



ਜਲੰਧਰ, 25 ਸਤੰਬਰ (ਸ਼ਿਵ ਸ਼ਰਮਾ)-ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅੱਜ ਸਥਾਨਕ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਵਿਖੇ ਨਤਮਸਤਕ ਹੋਏ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਵਿਖੇ ਵੀ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸ੍ਰੀ ਸਿੱਧ ਬਾਬਾ ਸੋਢਲ ਮੰਦਰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੱਸਦੇ ਲੱਖਾਂ ਸ਼ਰਧਾਲੂਆਂ ਦੀ ਵੀ ਡੂੰਘੀ ਆਸਥਾ ਅਤੇ ਸ਼ਰਧਾ ਦਾ ਕੇਂਦਰ ਹੈ। ਹਰ ਸਾਲ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤਾਂ ਇੱਥੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਆਉਂਦੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਸਿੱਧ ਬਾਬਾ ਸੋਢਲ ਟਰੱਸਟ ਦੇ ਚੇਅਰਮੈਨ ਅਤੇ ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ੍ਰੀ ਸ਼ੀਤਲ ਵਿੱਜ ਵੀ ਮੌਜੂਦ ਸਨ। ਸ੍ਰੀ ਕਟਾਰੀਆ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦੇ ਹਨ ਕਿ ਉਨ੍ਹਾਂ ਨੂੰ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਇਸ ਪਾਵਨ ਮੌਕੇ ’ਤੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦੇਣ ਦੇ ਨਾਲ-ਨਾਲ ਲੋਕਾਂ ਨੂੰ ਆਪਸੀ ਪ੍ਰੇਮ, ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਸਮਾਜ ਦੇ ਹਰ ਵਰਗ ਨੂੰ ਇਕਜੁੱਟਤਾ ਅਤੇ ਸਰਗਰਮ ਭਾਗੀਦਾਰੀ ਨਾਲ ਪੰਜਾਬ ਨੂੰ ਤਰੱਕੀ ਅਤੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ’ਤੇ ਲਿਜਾਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਰਾਜਪਾਲ ਸ੍ਰੀ ਕਟਾਰੀਆ ਨੇ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਪਹਿਲੇ ਦਿਨ ਕਰਵਾਏ ਗਏ ਹਵਨ ਯੱਗ ’ਚ ਸ਼ਰਧਾ ਨਾਲ ਹਿੱਸਾ ਲਿਆ। ਸਮਾਗਮ ਮੌਕੇ ਮੇਅਰ ਵਨੀਤ ਧੀਰ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ, ਡਿਪਟੀ ਮੇਅਰ ਮਲਕੀਤ ਸਿੰਘ, ਦੈਨਿਕ ਸਵੇਰਾ ਦੇ ਸੰਯੁਕਤ ਸੰਪਾਦਕ ਸ੍ਰੀ ਅਭਿਸ਼ੇਕ ਵਿੱਜ, ਸ੍ਰੀ ਸਿੱਧ ਬਾਬਾ ਸੋਢਲ ਟਰੱਸਟ ਦੇ ਜਨਰਲ ਸਕੱਤਰ ਤਰਸੇਮ ਕਪੂਰ, ਖਜ਼ਾਨਚੀ ਸੁਰੇਸ਼ ਚੱਢਾ, ਨੰਦ ਕਿਸ਼ੋਰ ਜੈਨ, ਚੱਢਾ ਬਰਾਦਰੀ (ਰਜਿ.) ਦੇ ਪ੍ਰਧਾਨ ਵਿਪਿਨ ਚੱਢਾ, ਕੇਂਦਰੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ, ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ, ਜੇ. ਬੀ. ਚੱਢਾ, ਅਨਿਲ ਚੱਢਾ, ਨਿਗਮ ਦੇ ਸਹਾਇਕ ਕਮਿਸ਼ਨਰ ਵਿਕਰਾਂਤ ਵਰਮਾ ਤੇ ਹੋਰ ਵੀ ਵੱਡੀ ਗਿਣਤੀ ’ਚ ਕਮੇਟੀ ਮੈਂਬਰ ਮੌਜੂਦ ਸਨ। ਸ੍ਰੀ ਸਿੱਧ ਬਾਬਾ ਸੋਢਲ ਮੇਲੇ ’ਚ ਪੁੱਜੇ ਲੱਖਾਂ ਸ਼ਰਧਾਲੂ ਜਲੰਧਰ, ਸ੍ਰੀ ਸਿੱਧ ਬਾਬਾ ਸੋਢਲ ਦਾ ਅਨੰਤ ਚੌਦਸ ਵਾਲੇ ਦਿਨ ਸ਼ੁਰੂ ਹੋਇਆ ਮੇਲਾ ਸ਼ਰਧਾ ਅਤੇ ਉਤਸ਼ਾਹ ਮਨਾਇਆ ਗਿਆ। ਮੇਲੇ ਦੌਰਾਨ ਹੁਣ ਤੱਕ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਬਾਬਾ ਜੀ ਦੇ ਦਰਬਾਰ ’ਚ ਨਤਮਸਤਕ ਹੋ ਚੁੱਕੇ ਹਨ ਅਤੇ ਸ਼ਰਧਾਲੂਆਂ ਦੀ ਆਮਦ ਲਗਾਤਾਰ ਜਾਰੀ ਹੈ। ਐਤਵਾਰ ਨੂੰ ਵੀ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਦੇ ਆਲੇ-ਦੁਆਲੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਮੰਦਰ ਦੇ ਬਾਹਰ ਕਰੀਬ ਢਾਈ ਕਿਲੋਮੀਟਰ ਦੇ ਘੇਰੇ ਵਿੱਚ ਵੱਡੀ ਗਿਣਤੀ ਵਿੱਚ ਲੰਗਰ ਲਗਾਏ ਗਏ ਹਨ। ਸੰਗਤ ਦੀ ਭਾਰੀ ਆਮਦ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਵੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਤਾਲਾਬ ਅਤੇ ਮੰਦਰ ਦੇ ਆਲੇ-ਦੁਆਲੇ ਸ਼ਰਧਾਲੂਆਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਕਰਮਚਾਰੀ ਥਾਂ-ਥਾਂ ’ਤੇ ਤਾਇਨਾਤ ਕੀਤੇ ਗਏ ਹਨ। ਪ੍ਰਸ਼ਾਸਨ ਅਤੇ ਮੇਲਾ ਪ੍ਰਬੰਧਕਾਂ ਵੱਲੋਂ ਸੰਗਤ ਦੀ ਸੁਰੱਖਿਆ ਅਤੇ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਲਗਾਤਾਰ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਕੰਟਰੋਲ ਰੂਮ ਨੇ ਕਈ ਬੱਚਿਆਂ ਨੂੰ ਪਰਿਵਾਰ ਨਾਲ ਮਿਲਾਇਆ ਸ੍ਰੀ ਸਿੱਧ ਬਾਬਾ ਸੋਢਲ ਮੇਲੇ ’ਚ ਵੱਡੀ ਗਿਣਤੀ ਵਿਚ ਲੋਕ ਮੱਥਾ ਟੇਕਣ ਲਈ ਆ ਰਹੇ ਹਨ ਤਾਂ ਕਾਫੀ ਭੀ਼ੜ ਵਿਚ 26 ਦੇ ਕਰੀਬ ਬੱਚੇ ਪਰਿਵਾਰ ਤੋਂ ਵਿਛੁੜ ਗਏ ਸਨ ਤਾਂ ਉਨ੍ਹਾਂ ਨੂੰ ਕੰਟਰੋਲ ਰੂਮ ਤੇ ਕਮੇਟੀ ਮੈਂਬਰਾਂ ਦੇ ਯਤਨਾਂ ਕਰਕੇ ਪਰਿਵਾਰ ਨਾਲ ਮਿਲਾਇਆ ਗਿਆ। ਮੇਲੇ ਦੌਰਾਨ ਇੱਕ ਛੋਟੀ ਬੱਚੀ ਲਾਪਤਾ ਹੋ ਗਈ ਸੀ, ਜਿਸ ਨੂੰ ਸਵਾਗਤ ਮੰਚ ਅਤੇ ਸੂਚਨਾ ਤੇ ਕੰਟਰੋਲ ਰੂਮ ਦੀ ਟੀਮ ਨੇ ਸੁਰੱਖਿਅਤ ਤੌਰ ’ਤੇ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ। ਇਸ ਮੌਕੇ ਸੌਰਭ ਸ਼ਰਮਾ, ਰਾਜੂ ਸ਼ਰਮਾ, ਸਬ-ਇੰਸਪੈਕਟਰ ਹੀਰਾ ਲਾਲ ਅਤੇ ਮੇਲਾ ਸੂਚਨਾ ਤੇ ਕੰਟਰੋਲ ਰੂਮ ਦੇ ਹੋਰ ਅਧਿਕਾਰੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਸੰਗਤ ਦੀ ਸਹੂਲਤ ਲਈ ਟਰੱਸਟ ਵਲੋਂ ਸਵਾਗਤ ਮੰਚ ਅਤੇ ਸੂਚਨਾ ਤੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਮੇਲੇ ਦੌਰਾਨ ਟੀਮ ਵਲੋਂ ਲਗਾਤਾਰ ਗੁੰਮ ਹੋਏ ਬੱਚਿਆਂ ਦੀ ਜਾਣਕਾਰੀ ਇਕੱਠੀ ਕਰਕੇ ਉਨ੍ਹਾਂ ਦੇ ਪਰਿਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਸੋਢਲ ਮੇਲੇ ’ਚ ਕੈਬਨਿਟ ਮੰਤਰੀ ਮਹਿੰਦਰ ਭਗਤ, ਮੇਅਰ ਵਨੀਤ ਧੀਰ, ਨਿਤਿਨ ਕੋਹਲੀ ਤੇ ਹੋਰਾਂ ਨੇ ਟੇਕਿਆ ਮੱਥਾ ਜਲੰਧਰ, 25 ਸਤੰਬਰ (ਜਤਿੰਦਰ ਪੰਮੀ)-ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੇ ਪਵਿੱਤਰ ਮੌਕੇ ’ਤੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਦਰਬਾਰ ਵਿੱਚ ਪਹੁੰਚ ਕੇ ਸ੍ਰੀ ਸਿੱਧ ਬਾਬਾ ਸੋਢਲ ਜੀ ਦੇ ਚਰਨਾਂ ਵਿੱਚ ਸੀਸ ਨਿਵਾਇਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਨੇ ਇਲਾਕੇ ਦੀ ਸੁੱਖ-ਸਮ੍ਰਿੱਧੀ ਅਤੇ ਸਮੂਹ ਸੰਗਤ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਮੇਅਰ ਵਨੀਤ ਧੀਰ, ਹਲਕਾ ਇੰਚਾਰਜ ਰਾਜਵਿੰਦਰ ਕੌਰ, ਹਲਕਾ ਇੰਚਾਰਜ ਨਿਤਿਨ ਕੋਹਲੀ, ਚੇਅਰਮੈਨ ਅਸ਼ਵਨੀ ਅਗਰਵਾਲ, ਮੁਕੇਸ਼ ਸੇਠੀ, ਹਰਸਿਮਰਨ ਸਿੰਘ ਬੰਟੀ ਅਤੇ ਨਰਿੰਦਰ ਸੱਗੂ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸੰਗਤ ਨੂੰ ਸ੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੀਆਂ ਵਧਾਈਆਂ ਦਿੱਤੀਆਂ ਅਤੇ ਸਾਰਿਆਂ ਦੀ ਚੜ੍ਹਦੀ ਕਲਾ, ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ।

ਪਿਛਲੀ ਖ਼ਬਰ ਗੜ੍ਹਾ ’ਚ ਗੁੰਡਾਗਰਦੀ ਕਰਦਿਆਂ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕੀਤਾ ਗੰਭੀਰ ਜ਼ਖ਼ਮੀ, 3 ਗ੍ਰਿਫ਼ਤਾਰ ਅਗਲੀ ਖ਼ਬਰ ਵਿਜੀਲੈਂਸ ਵਲੋਂ ਪ੍ਰਾਈਵੇਟ ਪਾਸਪੋਰਟ ਏਜੰਟ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।