ਆਦਮਪੁਰ, 5 ਸਤੰਬਰ (ਹਰਪ੍ਰੀਤ ਸਿੰਘ )-ਅੱਜ ਦੇਰ ਸ਼ਾਮ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਆਪਣੇ ਸਾਥੀਆਂ ਸਮੇਤ ਸਥਾਨਕ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਦਮਪੁਰ ਪੁਲਿਸ ’ਤੇ ਵਰਕਰਾਂ ਅਤੇ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਨ ਅਤੇ ਨਾਜਾਇਜ਼ ਮਾਮਲੇ ਦਰਜ ਕਰਨ ਦੇ ਦੋਸ਼ ਲਗਾਉਂਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਧਾਇਕ ਕੋਟਲੀ ਨੇ ਦੋਸ਼ ਲਾਇਆ ਕਿ ਆਦਮਪੁਰ ਪੁਲਿਸ ਸੱਤਾਧਾਰੀ ਪਾਰਟੀ ਦੀ ‘ਬੀ ਟੀਮ’ ਵਜੋਂ ਕੰਮ ਕਰ ਰਹੀ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਦਬਾਅ ਹੇਠ ਕਾਨੂੰਨ ਨੂੰ ਛਿੱਕੇ ਟੰਗ ਕੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਅਤੇ ਆਮ ਜਨਤਾ ਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ, ਜਿਸ ਦੇ ਵਿਰੋਧ ‘ਚ ਉਨ੍ਹਾਂ ਨੂੰ ਸੜਕਾਂ ‘ਤੇ ਉਤਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪਿੰਡ ਚੋਮੋਂ ਅੰਦਰ ਸੱਤਾਧਾਰੀਆਂ ਦੀ ਸ਼ਹਿ ’ਤੇ ਉਨ੍ਹਾਂ ਦੇ ਵਰਕਰਾਂ ਖ਼ਿਲਾਫ਼ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਹਵਾਲਾਤ ਅੰਦਰ ਬੰਦ ਕਰ ਦਿੱਤਾ ਗਿਆ, ਜਦਕਿ ਦੂਜੀ ਧਿਰ ਦੇ ਕਿਸੇ ਵੀ ਵਿਅਕਤੀ ਨੂੰ ਪੁੱਛਗਿੱਛ ਲਈ ਥਾਣੇ ਤੱਕ ਨਹੀਂ ਬੁਲਾਇਆ ਗਿਆ। ਇਸੇ ਤਰ੍ਹਾਂ ਸੀਂਹਵਾਲ ਵਿਖੇ ਗ਼ਦਰੀ ਬਾਬਿਆਂ ਦੇ ਸਥਾਨ ‘ਤੇ ਸਰਬਸੰਮਤੀ ਨਾਲ ਚੱਲ ਰਹੇ ਆਂਗਨਵਾੜੀ ਸੈਂਟਰ ਤੋਂ ਕੁਝ ਆਪਹੁਦਰੇ ਆਗੂਆਂ ਵਲੋਂ ਗ਼ਦਰੀ ਬਾਬਿਆਂ ਦਾ ਨਾਂਅ ਮਿਟਾ ਦਿੱਤਾ ਗਿਆ। ਜਦੋਂ ਇਸ ਦਾ ਵਿਰੋਧ ਹੋਇਆ ਤਾਂ ਪੁਲਿਸ ਨੇ ਉਨ੍ਹਾਂ ਦੇ ਸਾਥੀਆਂ ਅਤੇ ਪਿੰਡ ਵਾਸੀਆਂ ਖ਼ਿਲਾਫ਼ ਹੀ ਮੁਕੱਦਮਾ ਦਰਜ ਕਰ ਦਿੱਤਾ। ਤਾਜ਼ਾ ਮਾਮਲਾ ਅਲਾਵਲਪੁਰ ਦਾ ਹੈ, ਜਿੱਥੇ ਬਲਾਕ ਪ੍ਰਧਾਨ ਸੁਭਾਸ਼ ਭਨੋਟ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪਰਚਾ ਦਰਜ ਕਰਨ ’ਚ ਪੁਲਿਸ ਨੇ ਮਿੰਟ ਵੀ ਨਹੀਂ ਲਗਾਇਆ। ਦੂਜੇ ਪਾਸੇ, ਪੀੜਤ ਧਿਰ ਵਲੋਂ ਦਿੱਤੀ ਐੱਮ.ਐੱਲ.ਆਰ. ਦੇ ਬਾਵਜੂਦ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਵਿਧਾਇਕ ਕੋਟਲੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਪੁਲਿਸ ਵੱਲੋਂ ਆਪਣੇ ਵਰਕਰਾਂ ਜਾਂ ਕਿਸੇ ਵੀ ਬੇਗੁਨਾਹ ਨਾਲ ਕੀਤੀ ਧੱਕੇਸ਼ਾਹੀ ਦਾ ਹਰ ਪੱਧਰ ’ਤੇ ਡਟ ਕੇ ਵਿਰੋਧ ਕੀਤਾ ਜਾਵੇਗਾ।
ਆਦਮਪੁਰ ਪੁਲਿਸ ਖ਼ਿਲਾਫ਼ ਵਿਧਾਇਕ ਕੋਟਲੀ ਦਾ ਸਾਥੀਆਂ ਸਮੇਤ ਰੋਸ ਪ੍ਰਦਰਸ਼ਨ
ਆਦਮਪੁਰ, 5 ਸਤੰਬਰ (ਹਰਪ੍ਰੀਤ ਸਿੰਘ )-ਅੱਜ ਦੇਰ ਸ਼ਾਮ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਆਪਣੇ ਸਾਥੀਆਂ ਸਮੇਤ ਸਥਾਨਕ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਦਮਪੁਰ ਪੁਲਿਸ ’ਤੇ ਵਰਕਰਾਂ ਅਤੇ ਆਮ ਲੋਕਾਂ ਨਾਲ ਧੱਕੇਸ਼ਾਹੀ ਕਰਨ ਅਤੇ ਨਾਜਾਇਜ਼ ਮਾਮਲੇ ਦਰਜ ਕਰਨ ਦੇ ਦੋਸ਼ ਲਗਾਉਂਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ।
ਅਜੀਤ ਡੈਸਕ
06-09-2026