28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮੀਟਿੰਗ ਰੱਦ ਹੋਣ ਕਾਰਨ ਰੋਹ ’ ਚ ਆਏ ਪ੍ਰਦਰਸ਼ਨਕਾਰੀ * ਪੁਲਿਸ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਸਾਰੇ ਗੇਟ ਬੰਦ ਕਰ ਕੇ ਮੁਲਾਜ਼ਮ ਅੰਦਰ ਡੱਕੇ

ਜਲੰਧਰ, 27 ਅਗਸਤ (ਜਤਿੰਦਰ ਪੰਮੀ)– ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਪੰਜਾਬ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਵੀਰਵਾਰ ਨੂੰ ਕੀਤੀ ਗਈ ਹੜਤਾਲ ਉਸ ਵੇਲੇ ਰੋਹ ਭਰਪੂਰ ਪ੍ਰਦਰਸ਼ਨ ਦਾ ਰੂਪ ਧਾਰ ਗਈ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਪੀ. ਏ.

ਅਜੀਤ ਡੈਸਕ 28-08-2026
ਜਲੰਧਰ, 27 ਅਗਸਤ (ਜਤਿੰਦਰ ਪੰਮੀ)– ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਪੰਜਾਬ ਅਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਵੀਰਵਾਰ ਨੂੰ ਕੀਤੀ ਗਈ ਹੜਤਾਲ ਉਸ ਵੇਲੇ ਰੋਹ ਭਰਪੂਰ ਪ੍ਰਦਰਸ਼ਨ ਦਾ ਰੂਪ ਧਾਰ ਗਈ, ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਪੀ. ਏ. ਪੀ. ’ਚ ਰੱਖੀ ਗਈ ਮੀਟਿੰਗ ਰੱਦ ਕਰ ਦਿੱਤੀ। ਮੀਟਿੰਗ ਰੱਦ ਹੋਣ ਦਾ ਪਤਾ ਲੱਗਦਿਆਂ ਹੀ ਡੀ. ਸੀ. ਦਫ਼ਤਰ ਅੰਦਰ ਸਮੂਹਿਕ ਛੁੱਟੀ ਲੈ ਕੇ ਧਰਨੇ ’ਤੇ ਬੈਠੇ ਵੱਡੀ ਗਿਣਤੀ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਬਾਰਾਂਦਰੀ ਸਥਿਤ ਰਿਹਾਇਸ਼ ਘੇਰਨ ਦਾ ਐਲਾਨ ਕਰ ਦਿੱਤਾ ਅਤੇ ਡੀ. ਸੀ. ਦਫ਼ਤਰ ’ਚੋਂ ਬਾਹਰ ਪਾਰਕਿੰਗ ਵਾਲੀ ਥਾਂ ਆ ਗਏ। ਪੁਲਿਸ ਨੂੰ ਇਸ ਦੀ ਭਿਣਕ ਪੈਂਦਿਆਂ ਹੀ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਸਾਰੇ ਗੇਟ ਬੰਦ ਕਰ ਦਿੱਤੇ ਅਤੇ ਅੰਦਰ ਤੇ ਬਾਹਰ ਵੱਡੀ ਗਿਣਤੀ ਪੁਲਿਸ ਤਾਇਨਾਤ ਕਰ ਦਿੱਤੀ । ਇਸੇ ਦੌਰਾਨ ਕੁਝ ਮੁਲਾਜ਼ਮ ਕੰਪਲੈਕਸ ਦੀਆਂ ਕੰਧਾਂ ਟੱਪ ਕੇ ਕਾਂਗਰਸ ਭਵਨ ਚੌਕ ਵਿੱਚ ਪੁੱਜ ਗਏ, ਜਿਨ੍ਹਾਂ ਨੂੰ ਉਥੇ ਤਾਇਨਾਤ ਵੱਡੀ ਗਿਣਤੀ ਪੁਲਿਸ ਫੋਰਸ ਨੇ ਰੋਕ ਦਿੱਤਾ। ਇੱਥੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਵਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨਾਲ ਕਾਫੀ ਜੱਦੋ-ਜਹਿਦ ਕਰਨੀ ਪਈ ਅਤੇ ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਧੱਕਾਮੁੱਕੀ ਹੋਈ । ਬਹੁਤੇ ਸਾਰੇ ਪ੍ਰਦਰਸ਼ਨਕਾਰੀ ਵਿਸ਼ੇਸ਼ ਕਰਕੇ ਔਰਤਾਂ ਜੋ ਕਿ ਸਵੇਰ ਤੋਂ ਧਰਨੇ ਵਿੱਚ ਬੈਠੀਆਂ ਹੋਈਆਂ ਸਨ, ਆਪਣੇ ਘਰੋ-ਘਰੀ ਚੱਲੀਆਂ ਗਈਆਂ, ਜਦੋਂਕਿ ਕਾਂਗਰਸ ਭਵਨ ਚੌਕ ’ਚ ਪੁਲਿਸ ਵਲੋਂ ਅੱਗੇ ਨਾ ਵਧਣ ਦੇਣ ਕਾਰਨ ਬਾਕੀ ਪ੍ਰਦਰਸ਼ਨਕਾਰੀ ਵੀ ਉਥੋਂ ਚਲੇ ਗਏ। ਇਸ ਤੋਂ ਪਹਿਲਾਂ ਜ਼ਿਲ੍ਹੇ ’ਚੋਂ ਇਕੱਤਰ ਹੋਏ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੇ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਸਥਿਤ ਤਹਿਸੀਲਦਾਰ-2 ਦੇ ਦਫਤਰ ਤੋਂ ਏ. ਡੀ. ਸੀ. (ਜਨਰਲ) ਦੇ ਦਫ਼ਤਰ ਨੂੰ ਜਾਂਦੇ ਵਰਾਂਡਿਆਂ ਵਿੱਚ ਦਰੀਆਂ ਵਿਛਾ ਕੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੇ ਜਾਣ ਕਾਰਨ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੁਲਾਜ਼ਮਾਂ ਆਗੂਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ, ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਵੀਰਵਾਰ ਨੂੰ ਹੋਏ ਧਰਨੇ ਤੇ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਪੰਜਾਬ ਰਾਜ ਡੀ. ਸੀ. ਦਫ਼ਤਰ ਕਰਮਚਾਰੀ ਐਸੋਸੀਏਸ਼ਨ, ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜਲੰਧਰ ਦਿਹਾਤੀ ਤੇ ਕਮਿਸ਼ਨਰੇਟ ਪੁਲਿਸ, ਪੀ. ਸੀ ਐੱਮ. ਐੱਸ. ਐਸੋਸੀਏਸ਼ਨ, ਐੱਨ. ਐੱਚ. ਐੱਮ. ਇੰਪਲਾਈਜ਼ ਯੂਨੀਅਨ, ਆਮ ਆਦਮੀ ਕਲੀਨਿਕ ਸਾਂਝਾ ਫਰੰਟ ਤੋਂ ਇਲਾਵਾ ਅਧਿਆਪਕਾਂ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਵੱਡੀ ਗਿਣਤੀ ਮੁਲਾਜ਼ਮ ਹਾਜ਼ਰ ਸਨ। ਮੁਲਾਜ਼ਮ ਆਗੂਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ 28 ਤੇ 29 ਅਗਸਤ ਨੂੰ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ। ਸਾਂਝੀ ਤਾਲਮੇਲ ਕਮੇਟੀ ਵਲੋਂ 30 ਦੀ ਮੀਟਿੰਗ ਦੌਰਾਨ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ, ਉਸ ਤਹਿਤ ਰੋਸ ਪ੍ਰਗਟਾਇਆ ਜਾਵੇਗਾ। ਹੜਤਾਲ ਕਾਰਨ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਰਿਹਾ ਸੁੰਨਸਾਨ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਲੈ ਕੇ ਕੀਤੀ ਗਈ ਹੜਤਾਲ ਕਾਰਨ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਸਥਿਤ ਵੱਖ-ਵੱਖ ਦਫਤਰੋਂ ਇਲਾਵਾ ਜ਼ਿਲ੍ਹੇ ਦੇ ਸਬ-ਡਵੀਜ਼ਨਲ, ਤਹਿਸੀਲ ਤੇ ਸਬ-ਤਹਿਸੀਲ ਪੱਧਰ ਦੇ ਦਫਤਰਾਂ ਵਿੱਚ ਸੁੰਨਸਾਨ ਪਸਰੀ ਰਹੀ। ਮੁਲਾਜ਼ਮਾਂ ਦੀ ਹੜਤਾਲ ਲਗਾਤਾਰ ਚੱਲਣ ਕਾਰਨ ਲੋਕ ਪਹਿਲਾਂ ਹੀ ਸਰਕਾਰੀ ਦਫਤਰਾਂ ’ਚ ਕੰਮ ਕਰਵਾਉਣ ਲਈ ਆਉਣੇ ਬੰਦ ਹੋ ਚੁੱਕੇ ਹਨ ਪਰ ਵੀਰਵਾਰ ਨੂੰ ਹੜਤਾਲ ਦੇ ਬਾਵਜੂਦ ਕੁਝ ਵਿਅਕਤੀ ਆਪਣੇ ਜ਼ਰੂਰੀ ਕੰਮ ਲਈ ਏਧਰ-ਓਧਰ ਭਟਕਦੇ ਨਜ਼ਰ ਆਏ। ਹੜਤਾਲ ਕਾਰਨ ਦਫ਼ਤਰ ਬੰਦ ਹੋਣ ਕਰਕੇ ਉਨ੍ਹਾਂ ਨੂੰ ਨਿਰਾਸ਼ ਪਰਤਣਾ ਪਿਆ। ਹੜਤਾਲ ਕਾਰਨ ਰਜਿਸਟਰੀਆਂ ਦਾ ਕੰਮ ਵੀ ਪ੍ਰਭਾਵਿਤ ਰਿਹਾ ਅਤੇ ਸੁਵਿਧਾ ਕੇਂਦਰ ’ਚ ਨਿੱਜੀ ਕੰਪਨੀ ਦੇ ਮੁਲਾਜ਼ਮਾਂ ਦੇ ਹਾਜ਼ਰ ਹੋਣ ਦੇ ਬਾਵਜੂਦ ਕੰਮ ਕਰਵਾਉਣ ਵਾਲੇ ਲੋਕ ਨਹੀਂ ਆਏ। ਜ਼ਿਲ੍ਹੇ ’ਚ ਸਰਕਾਰੀ ਸੇਵਾਵਾਂ ਦੀ ਪੈਂਡੈਂਸੀ ਹੋਰ ਵਧੀ ਮੁਲਾਜ਼ਮਾਂ ਦੀ ਲੜੀਵਾਰ ਕਲਮ ਛੋੜ/ਕੰਪਿਊਟਰ ਬੰਦ ਹੜਤਾਲ ਕਾਰਨ ਸਰਕਾਰੀ ਦਸਤਾਵੇਜ਼ ਤੇ ਸਰਟੀਫਿਕੇਟ ਬਣਾਉਣ ਦਾ ਕੰਮ ਰੁਕਣ ਨਾਲ ਜ਼ਿਲ੍ਹੇ ’ਚ ਪੈਂਡੈਂਸੀ ਹੋਰ ਵਧ ਗਈ ਹੈ। ਈ-ਸੇਵਾ ਪੰਜਾਬ ਕਨੈਕਟ ਪੋਰਟਲ ’ਤੇ ਪਾਈ ਗਈ ਪੈਂਡੈਂਸੀ ਸੂਚੀ ਮੁਤਾਬਕ ਜਲੰਧਰ ਜ਼ਿਲ੍ਹਾ ਪੈਂਡੈਂਸੀ ਦੇ ਮਾਮਲੇ ’ਚ ਪੰਜਾਬ ਵਿਚੋਂ ਦੂਜੇ ਨੰਬਰ ’ਤੇ ਪੁੱਜ ਗਿਆ ਹੈ। ਜ਼ਿਲ੍ਹੇ ’ਚ ਲੋਕਾਂ ਵੱਖ-ਵੱਖ ਸਰਕਾਰੀ ਦਸਤਾਵੇਜ਼ ਤੇ ਸਰਟੀਫਿਕੇਟ ਤਿਆਰ ਕਰਵਾਉਣ ਲਈ ਈ-ਸੇਵਾ ਪੋਰਟਲ ’ਤੇ ਦਿੱਤੀਆਂ ਗਈਆਂ ਅਰਜ਼ੀਆਂ ਦੀ ਗਿਣਤੀ 6,82,351 ਹੈ ਜਦੋਂਕਿ ਪੈਂਡੈਂਸੀ 1,17,335 ਦਰਸਾਈ ਗਈ ਹੈ। ਜੇਕਰ ਮੁਲਾਜ਼ਮਾਂ ਦੀ ਹੜਤਾਲ ਖਤਮ ਨਾ ਹੋਈ ਤਾਂ ਇਹ ਪੈਂਡੈਂਸੀ ਹੋਰ ਵਧੇਗੀ, ਜਿਸ ਨਾਲ ਲੋਕਾਂ ਦੀ ਜ਼ਰੂਰੀ ਕੰਮ ਰੁਕ ਜਾਣਗੇ।
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹੇ ’ਚ 1 ਤੋਂ 5 ਸਤੰਬਰ ਤੱਕ ਕਰਵਾਏ ਜਾਣਗੇ ਡਰੋਨ ਸ਼ੋਅ- ਅ... ਅਗਲੀ ਖ਼ਬਰ ਸਬਜ਼ੀਆਂ ਦੇ ਵਧੇ ਭਾਅ ਕਾਰਨ ਲੋਕ ਪ੍ਰੇਸ਼ਾਨ ਕਿਹਾ, ਸਰਕਾਰ ਵਲੋਂ ਇਸ ਮਸਲੇ ਪ੍ਰਤੀ ਵਰਤੀ ਜਾ ਰਹੀ ਲਾਪ੍ਰਵਾਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।