05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਆਬਕਾਰੀ ਵਿਭਾਗ ਨੇ ਛਾਪੇਮਾਰੀ ਦੌਰਾਨ ਸ਼ਹਿਰ ’ਚ ਦੋ ਥਾਵਾਂ ’ਤੇ ਫੜੀ 40 ਬੋਤਲਾਂ ਤੋਂ ਵੱਧ ਨਾਜਾਇਜ਼ ਸ਼ਰਾਬ

ਅਜੀਤ ਡੈਸਕ 30-07-2026
ਜਲੰਧਰ, 29 ਜੁਲਾਈ (ਜਤਿੰਦਰ ਪੰਮੀ)–ਆਬਕਾਰੀ ਵਿਭਾਗ ਨੇ ਸ਼ਹਿਰ ਦੇ ਢੰਨ ਮੁਹੱਲਾ ਤੇ ਦੋਮੋਰੀਆ ਪੁਲ਼ ਨੇੜਲੇ ਇਲਾਕਿਆਂ ’ਚ ਛਾਪੇਮਾਰੀ ਕਰਕੇ 40 ਬੋਤਲਾਂ ਤੋਂ ਵੱਧ ਨਾਜਾਇਜ਼ ਸ਼ਰਾਬ ਫੜੀ। ਵਿਭਾਗ ਨੇ ਦੋਵਾਂ ਮਾਮਲਿਆਂ ਵਿੱਚ ਘਰ ਦੀ ਮਾਲਕ ਤੇ ਦੁਕਾਨਦਾਰ ਖ਼ਿਲਾਫ਼ ਸੰਬੰਧਤ ਥਾਣਿਆਂ ’ਚ ਕੇਸ ਦਰਜ ਕਰਵਾ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਆਬਕਾਰੀ ਜਲੰਧਰ ਰੇਂਜ-1 ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਤੜਕੇ ਈ. ਓ. ਜਲੰਧਰ ਈਸਟ ਰਮਨ ਭਗਤ ਦੀ ਅਗਵਾਈ ਹੇਠ ਇੰਸਪੈਕਟਰ ਜਸ਼ਨ ਸਿੰਘ, ਮੋਹਿਤ ਸੋਢੀ ਤੇ ਸਿਮਰਨਜੀਤ ਸਿੰਘ ਟੀਮ ਨੇ ਢੰਨ ਮੁਹੱਲੇ ਦੇ ਇਕ ਘਰ ਈ.ਡੀ.-126 ਵਿੱਚ ਜਾਂਚ ਦੌਰਾਨ 33 ਬੋਤਲਾਂ ਨਾਜਾਇਜ਼ ਸ਼ਰਾਬ ਪੰਜਾਬ ਕਿੰਗਜ਼ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਸ਼ਰਾਬ ਦੀਆਂ ਬੋਤਲਾਂ ਉਪਰੋਂ ਟਰੈਸ ਐਂਡ ਟਰੇਸ ਹੋਲੋਗ੍ਰਾਮ ਉਤਰੇ ਹੋਏ ਸਨ। ਇਸ ਸੰਬੰਧੀ ਕਾਰਵਾਈ ਹੋਏ ਘਰ ਦੀ ਮਾਲਕ ਜੋਤਿਕਾ ਪਤਨੀ ਗੁਰਪ੍ਰੀਤ ਉਰਫ ਸੰਨੀ ਵਿਰੁੱਧ ਥਾਣਾ ਡਵੀਜ਼ਨ ਨੰਬਰ-3 ਵਿੱਚ ਕੇਸ ਦਰਜ ਕਰਵਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੋਮੋਰੀਆ ਪੁਲ਼ ਨੇੜਲੇ ਮੁਹੱਲੇ ਸੰਤੋਸ਼ੀ ਨਗਰ ਵਿੱਚ ਛਾਪੇਮਾਰੀ ਦੌਰਾਨ ਇਕ ਦੁਕਾਨ ਵਿਚੋਂ 2 ਬੋਤਲਾਂ ਤੇ 43 ਪਾਈਏ ਪੰਜਾਬ ਕਿੰਗਜ਼ ਮਾਰਕਾ ਸ਼ਰਾਬ ਬਰਾਮਦ ਕੀਤੀ ਗਈ। ਇਸ ਸੰਬੰਧੀ ਥਾਣਾ ਰਾਮਾ ਮੰਡੀ ਵਿਖੇ ਮੁਲਜ਼ਮ ਰਾਜਬੀਰ ਸਿੰਘ ਵਾਸੀ ਸੰਤੋਸ਼ੀ ਨਗਰ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਹੈ। ਸਹਾਇਕ ਕਮਿਸ਼ਨਰ ਆਬਕਾਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਵਿਭਾਗ ਵਲੋਂ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਵਿਰੁੱਧ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬੰਦ ਪਏ ਕਾਰਖਾਨੇ, ਕੋਲਡ ਸਟੋਰ, ਰਾਇਸ ਸ਼ੈਲਰ, ਇੱਟਾਂ ਦੇ ਭੱਠੇ ਆਦਿ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਨਾਜਾਇਜ਼ ਸ਼ਰਾਬ ਕੱਢਣ ਤੇ ਵੇਚਣ ਵਾਲੇ ਅਕਸਰ ਇਨ੍ਹਾਂ ਸੁੰਨਸਾਨ ਥਾਵਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਹਾਲਤ ਵਿੱਚ ਨਾਜਾਇਜ਼ ਸ਼ਰਾਬ ਦਾ ਧੰਦਾ ਨਹੀਂ ਚੱਲਣ ਦਿੱਤਾ ਜਾਵੇਗਾ।
ਸਤਲੁਜ ਦਰਿਆ ਕੰਢਿਓਂ 1000 ਲੀਟਰ ਲਾਹਨ ਬਰਾਮਦ
ਇਸੇ ਤਰ੍ਹਾਂ ਐਕਸਾਈਜ਼ ਇੰਸਪੈਕਟਰ ਯੋਗੇਸ਼ ਮਿੱਤਲ ਵਲੋਂ ਸਤਲੁਜ ਦਰਿਆ ਦੇ ਕੰਢੇ ਤੇ ਆਸ-ਪਾਸ ਦੇ ਪਿੰਡਾਂ ਦੇ ਇਲਾਕਿਆਂ ਵਿੱਚ ਵਿਭਾਗ ਤੇ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਕੀਤੀ ਗਈ ਚੈਕਿੰਗ ਦੌਰਾਨ 1000 ਲੀਟਰ ਲਾਹਨ ਬਰਾਮਦ ਕੀਤੀ ਗਈ। ਹਾਲਾਂਕਿ ਛਾਪੇਮਾਰੀ ਦਾ ਪਤਾ ਲੱਗਣ ’ਤੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਮੌਕੇ ਤੋਂ ਫਰਾਰ ਹੋ ਗਏ। ਸਹਾਇਕ ਕਮਿਸ਼ਨਰ ਆਬਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਟੀਮਾਂ ਨੇ ਜ਼ਬਤ ਕੀਤੀ ਗਈ ਲਾਹਨ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤੀ।
ਪਿਛਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਆਸ਼ਰਮ ਵਿਖੇ ਮਨਾਇਆ ਗੁਰੂ ਪੂਰਨਿਮਾ ਮਹਾਂਉਤਸਵ ਅਗਲੀ ਖ਼ਬਰ 14 ਹਫ਼ਤੇ ਵੀ ਨਹੀਂ ਕੱਢ ਸਕੀ ਬੈਲੀ ਵਿਊ ਵਾਲੀ ਸੜਕ ਕੌਂਸਲਰ ਪਵਨ ਕੁਮਾਰ ਨੇ ਠੀਕ ਕਰਵਾਉਣ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।