ਜਲੰਧਰ, 28 ਜੁਲਾਈ (ਸ਼ਿਵ)- ਆਮ ਲੋਕਾਂ ਨੂੰ ਬਿਹਤਰ ਅਤੇ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਆਰ. ਟੀ. ਓ. ਬਲਜਿੰਦਰ ਢਿੱਲੋਂ ਵਲੋਂ ਦਫ਼ਤਰ ਦਾ ਅਚਾਨਕ ਨਿਰੀਖਣ ਕੀਤਾ ਗਿਆ। ਚੈਕਿੰਗ ਦੌਰਾਨ ਉਨਾਂ ਨੇ ਏ. ਆਰ. ਟੀ. ਓ. ਵਿਸ਼ਾਲ ਗੋਇਲ ਨਾਲ ਗੱਲਬਾਤ ਕਰਕੇ ਉਨਾਂ ਨੂੰ ਵੀ ਕੰਮ ਵਿਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ। ਇਸ ਦੌਰਾਨ ਵਾਧੂ ਚਾਰਜ ਸੰਭਾਲ ਰਹੇ ਆਰਟੀਓ ਬਲਜਿੰਦਰ ਸਿੰਘ ਢਿੱਲੋਂ ਖ਼ੁਦ ਦਫ਼ਤਰ ਪਹੁੰਚੇ ਅਤੇ ਵੱਖ-ਵੱਖ ਕਾਊਂਟਰਾਂ ਦਾ ਜਾਇਜ਼ਾ ਲਿਆ। ਨਿਰੀਖਣ ਦੌਰਾਨ ਉਨ੍ਹਾਂ ਨੇ ਦਫ਼ਤਰ ਵਿਚ ਮੌਜੂਦ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਪੁੱਛਿਆ ਕਿ ਕਿਸੇ ਕਰਮਚਾਰੀ ਵੱਲੋਂ ਉਨ੍ਹਾਂ ਦੇ ਕੰਮ ਵਿਚ ਬੇਲੋੜੀ ਦੇਰੀ ਜਾਂ ਕੋਈ ਹੋਰ ਪ੍ਰੇਸ਼ਾਨੀ ਤਾਂ ਨਹੀਂ ਪੈਦਾ ਕੀਤੀ ਜਾ ਰਹੀ। ਉਨ੍ਹਾਂ ਇਹ ਵੀ ਜਾਣਿਆ ਕਿ ਲੋਕਾਂ ਦੇ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਹੋ ਰਹੇ ਹਨ ਜਾਂ ਨਹੀਂ। ਕਈ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਕਿ ਉਨਾਂ ਦੇ ਕੰਮ ਸਮੇਂ ਸਿਰ ਨਹੀਂ ਹੋ ਰਹੇ ਹਨ।ਜਿਨ੍ਹਾਂ ਲੋਕਾਂ ਦੇ ਕੰਮ ਲੰਬੇ ਸਮੇਂ ਤੋਂ ਲੰਬਿਤ ਸਨ, ਉਨ੍ਹਾਂ ਦੀਆਂ ਫਾਈਲਾਂ ਮੌਕੇ ’ਤੇ ਹੀ ਮੰਗਵਾ ਕੇ ਸਬੰਧਿਤ ਕਰਮਚਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਗਏ। ਕਈ ਮਾਮਲਿਆਂ ਦਾ ਨਿਪਟਾਰਾ ਨਿਰੀਖਣ ਦੌਰਾਨ ਹੀ ਕਰਵਾਇਆ ਗਿਆ, ਜਿਸ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਇਸ ਮੌਕੇ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਬਿਨੈਕਾਰਾਂ ਦੇ ਕੰਮ ਪਾਰਦਰਸ਼ੀ ਅਤੇ ਸਮੇਂ ਸਿਰ ਕੀਤੇ ਜਾਣ ਅਤੇ ਕਿਸੇ ਵੀ ਵਿਅਕਤੀ ਨੂੰ ਬਿਨਾਂ ਕਾਰਨ ਦਫ਼ਤਰ ਦੇ ਚੱਕਰ ਨਾ ਲਗਾਉਣੇ ਪੈਣ। ਲੋਕਾਂ ਨੇ ਆਰ. ਟੀ. ਓ. ਬਲਜਿੰਦਰ ਢਿੱਲੋਂ ਵਲੋਂਂ ਕੀਤੀ ਗਈ ਚੈਕਿੰਗ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਉਮੀਦ ਜਤਾਈ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਿਯਮਿਤ ਨਿਰੀਖਣ ਹੁੰਦੇ ਰਹਿਣਗੇ, ਤਾਂ ਜੋ ਆਮ ਲੋਕਾਂ ਨੂੰ ਹੋਰ ਬਿਹਤਰ ਅਤੇ ਸੁਵਿਧਾਜਨਕ ਸੇਵਾਵਾਂ ਮਿਲ ਸਕਣ।