ਜਲੰਧਰ, 16 ਜੁਲਾਈ (ਸ਼ਿਵ)- ਨਗਰ ਨਿਗਮ ਨੇ ਮੇਅਰ ਵਨੀਤ ਧੀਰ ਦੀ ਹਦਾਇਤ ’ਤੇ ਸ਼ਹਿਰ ਵਿਚ ਨਾਜਾਇਜ ਬਣਾਏ ਗਏ ਡੰਪਾਂ ’ਤੇ ਕੂੜਾ ਸੁੱਟਣ ਤੋਂ ਰੋਕਣ ਲਈ ਅਹਿਮ ਕਦਮ ਉਠਾਉਂਦੇ ਹੋਏ ਉਨਾਂ ਥਾਵਾਂ ’ਤੇ ਕੈਮਰੇ ਲਗਾ ਦਿੱਤੇ ਹਨ ਤਾਂ ਜੋ ਇਸ ਤਰਾਂ ਦੇ ਲੋਕਾਂ ਨੂੰ ਫੜ ਕੇ ਉਨਾਂ ਨੂੰ ਭਾਰੀ ਜੁਰਮਾਨੇ ਕੀਤੇ ਜਾ ਸਕੇ। ਨਗਰ ਨਿਗਮ ਨੇ ਲੋਕਾਂ ਵਲੋਂ ਜਿਨਾਂ ਨਾਜਾਇਜ ਬਣਾਏ ਗਏ ਡੰਪਾਂ ’ਤੇ ਕੂੜਾ ਸੁੱਟਿਆ ਜਾ ਰਿਹਾ ਹੈ। ਉਨਾਂ 14 ਥਾਵਾਂ ਦੀ ਪਹਿਚਾਣ ਕਰਕੇ ਉੱਥੇ 35 ਕੈਮਰੇ ਲਗਾਏ ਗਏ ਹਨ ਤੇ ਬਾਕੀ ਥਾਵਾਂ ’ਤੇ ਵੀ ਕੈਮਰੇ ਲਗਾਏ ਜਾ ਰਹੇ ਹਨ। ਨਗਰ ਨਿਗਮ ਦੇ ਅਧਿਕਾਰੀਆਂ ਮੁਤਾਬਕ ਇਨ੍ਹਾਂ ਕੈਮਰਿਆਂ ਰਾਹੀਂ ਡੰਪਾਂ ਅਤੇ ਜਨਤਕ ਥਾਵਾਂ ’ਤੇ ਗੈਰ-ਕਾਨੂੰਨੀ ਢੰਗ ਨਾਲ ਕੂੜਾ ਸੁੱਟਣ ਵਾਲੇ ਲੋਕਾਂ ਦੀ ਸਿੱਧੀ ਪਛਾਣ ਕੀਤੀ ਜਾਵੇਗੀ। ਪਛਾਣ ਹੋਣ ਤੋਂ ਬਾਅਦ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਜੁਰਮਾਨਾ ਲਗਾਇਆ ਜਾਵੇਗਾ। ਮੇਅਰ ਵਨੀਤ ਧੀਰ ਦਾ ਕਹਿਣਾ ਹੈ ਕਿ ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਨਗਰ ਨਿਗਮ ਗੰਭੀਰ ਹੈ। ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਹੁਣ ਤਕਨੀਕ ਦਾ ਸਹਾਰਾ ਲੈ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਨਕੇਲ ਕੱਸੀ ਜਾਵੇਗੀ। ਜਿਨਾਂ ਥਾਵਾਂ ’ਤੇ ਕੈਮਰੇ ਲਗਾਏ ਗਏ ਹਨ। ਉਨਾਂ ਵਿਚ ਰਾਮਾ ਮੰਡੀ ਸੈਂਟਰਲ ਵਰਜ 8 ਕੈਮਰੇ, ਗੌਰਮਿੰਟ ਪੋਲੀਟੈਕਨਿਕ ਗਰਲਜ਼ ਕਾਲਜ ਦੇ ਸਾਹਮਣੇ 1 ਕੈਮਰਾ, ਗੁਰੂ ਨਾਨਕਪੁਰਾ ਰੇਲਵੇ ਕਰਾਸਿੰਗ ਨੇੜੇ - 2 ਕੈਮਰੇ, ਘੁਮਾਰਾਂ ਮਸਜਿਦ ਨੇੜੇ ਸ਼ਨੀ ਮੰਦਰ ਦੇ ਸਾਹਮਣੇ- 2 ਕੈਮਰੇ, ਰੇਲਵੇ ਰੋਡ, ਪਾਖਰ ਹਲਵਾਈ ਨੇੜੇ - 1 ਕੈਮਰਾ, ਅਰਜਨ ਨਗਰ, ਸੋਹਣ ਪਾਨ ਵਾਲਾ- 2 ਕੈਮਰੇ, ਮੰਡੀ ਫੈਂਟਣ ਗੰਜ ਐਂਟਰੈਂਸ, ਮੰਡੀ ਰੋਡ - 2 ਕੈਮਰੇ, ਬਸਤੀ ਸ਼ੇਖ਼ ਪੈਟਰੋਲ ਪੰਪ ਦੇ ਸਾਹਮਣੇ - 2 ਕੈਮਰੇ, ਭਗਵਾਨ ਵਾਲਮੀਕਿ ਮੰਦਰ ਤੋਂ ਵੀਰ ਬਬਰੀਕ ਚੌਕ ਟਰਾਂਸਫ਼ਾਰਮਰ ਨੇੜੇ* - 2 ਕੈਮਰੇ, ਵਰਿਆਣਾ ਡੰਪ ਵੱਲ, ਕਪੂਰਥਲਾ ਰੋਡ ਤੋਂ ਵਰਿਆਣਾ ਰੋਡ - 8 ਕੈਮਰੇ, ਸੋਢਲ ਫਾਟਕ ਤੋਂ ਟਾਂਡਾ ਫਾਟਕ - 1 ਕੈਮਰਾ, ਸ਼ੀਤਲਾ ਮਾਤਾ ਮੰਦਰ - 1 ਕੈਮਰਾ, ਰਣਵੀਰ ਕਲਾਸਿਕ ਨੇੜੇ - 1 ਕੈਮਰਾ, ਫੋਕਲ ਪੁਆਇੰਟ ਨੇੜੇ - 2 ਕੈਮਰੇ ਲਗਾਏ ਗਏ ਹਨ।