ਜਲੰਧਰ, 14 ਜੁਲਾਈ (ਜਸਪਾਲ ਸਿੰਘ)-ਸਿੱਖ ਕੌਮ ਦੀਆਂ ਵੱਖ-ਵੱਖ ਨੁਮਾਇੰਦਾ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਇੰਟਰਨੈਸ਼ਨਲ ਪੰਥਕ ਦਲ, ਯੁਨਾਇਟਿਡ ਅਕਾਲੀ ਦਲ, ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਪੰਥਕ ਆਜ਼ਾਦ ਗਰੁੱਪ ਦੇ ਆਗੂਆਂ ਨੇ ਅੱਜ ਇੱਥੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਕੇਂਦਰੀ ਗ੍ਰਹਿ ਮੰਤਰੀ ਦੇ ਨਾਂ ’ਤੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਨਾਲ ਸੰਬੰਧਿਤ ਫਿਲਮ ਸਤਲੁਜ ਨੂੰ ਰਿਲੀਜ਼ ਕਰਨ, ਖਾਲੜਾ ਕੇਸ ਦੇ ਮੁਲਜ਼ਮ ਡੀ. ਐਸ. ਪੀ. ਨੂੰ ਲੱਭ ਕੇ ਜੇਲ੍ਹ ’ਚ ਸੁੱਟਣ ਅਤੇ ‘ਟਰੁੱਥ ਕਮਿਸ਼ਨ’ ਬਣਾਏ ਜਾਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਕੱਤਰ ਜਨਰਲ ਨੇ ਕਿਹਾ ਕਿ ਇਹ ਅਜਿਹੇ ਮੁੱਦੇ ਹਨ, ਜਿਨ੍ਹਾਂ ਦਾ ਸੰਬੰਧ 1980 ਤੋਂ ਲੈ ਕੇ 1995 ਦੇ ਡੇਢ ਦਹਾਕੇ ਦੌਰਾਨ ਪੰਜਾਬੀਆਂ ਵਲੋਂ ਇਕ ਪਾਰਟੀ ਦੀ ਛੋਟੀ ਰਾਜਸੀ ਸੋਚ ਕਾਰਨ ਹੰਢਾਏ ਸੰਤਾਪ ਨਾਲ ਹੈ ਤੇ ਇਹ ਇਕ ਅਜਿਹਾ ਕਾਲਾ ਦੌਰ ਸੀ, ਜਦੋਂ ਆਪਣੇ ਭਵਿੱਖ ਲਈ ਸੰਘਰਸ਼ ਕਰ ਰਹੇ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਨਸਲਕੁਸ਼ੀ ਦੀ ਹੱਦ ਤੱਕ ਮੁਕਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸਰਕਾਰੀ ਸਰਪ੍ਰਸਤੀ ਹੇਠ ਕਿੰਨੇ ਸਿੱਖ ਬੱਚਿਆਂ, ਬੀਬੀਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਇਸ ਬਾਰੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਜਸਵੰਤ ਸਿੰਘ ਖਾਲੜਾ ਨੇ ਜੋ ਖੁਲਾਸਾ ਕੀਤਾ ਹੈ, ਉਹ ਬਹੁਤ ਹੀ ਸਨਸਨੀਖੇਜ ਹੈ, ਜਿਸ ਬਾਰੇ ਜਾਂਚ ਕੀਤੇ ਜਾਣ ਦੀ ਲੋੜ ਹੈ। ਜਥੇਦਾਰ ਵਡਾਲਾ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਹੁਣ ਜਦੋਂ ਕੇਂਦਰ ’ਚ ਸਰਕਾਰ ਬਦਲੀ ਹੈ ਤੇ ਮੌਜੂਦਾ ਸਰਕਾਰ ਸਿੱਖਾਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਰੱਖਦੀ ਹੈ ਤਾਂ ਅਜਿਹੇ ’ਚ ਉਨ੍ਹਾਂ ਨੂੰ ਆਸ ਹੈ ਕਿ ਲਾਵਾਰਿਸ ਲਾਸ਼ਾਂ ਦੇ ਗੁਨਾਹਗਾਰਾਂ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾਵੇਗਾ। ਇਸ ਮੌਕੇ ਜਥੇਦਾਰ ਵਡਾਲਾ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਸਰਵਨ ਸਿੰਘ ਫਿਲੌਰ, ਜਗਜੀਤ ਸਿੰਘ ਗਾਬਾ, ਐਮ. ਪੀ. ਸਿੰਘ ਬਿਨਾਕਾ, ਜਰਨੈਲ ਸਿੰਘ ਗੜ੍ਹਦੀਵਾਲਾ, ਬੀਬੀ ਹਰਜੀਤ ਕੌਰ ਤਲਵੰਡੀ, ਕਰਨੈਲ ਸਿੰਘ ਜੋਧਪੁਰੀ, ਜਸਵਿੰਦਰ ਸਿੰਘ ਡੌਲਫਿਨ, ਜਸਵਿੰਦਰ ਸਿੰਘ ਜੱਸਾ, ਬਚਨ ਸਿੰਘ ਕਾਦੀਆਂ, ਦਰਸ਼ਨ ਸਿੰਘ ਲਾਇਲ, ਜਸਵਿੰਦਰ ਸਿੰਘ ਸੱਭਰਵਾਲ, ਤਜਿੰਦਰਜੀਤ ਸਿੰਘ ਬਢਿਆਣਾ ਤੇ ਚਰਨਜੀਤ ਸਿੰਘ ਚੰਨੀ ਆਦਿ ਆਗੂ ਵੀ ਮੌਜੂਦ ਸਨ।