08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਦਿਹਾਤੀ ਪੁਲਿਸ ਨੇ ਪਿੰਡ ਮਾਣਕੋ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਮੁੱਖ ਦੋਸ਼ੀ ਗ੍ਰਿਫ਼ਤਾਰ 4 ਜੁਲਾਈ ਨੂੰ ਖੇਤਾਂ ਵਿਚੋਂ ਮਿਲੀ ਲੁਧਿਆਣੇ ਦੇ ਪਿੰਡ ਕੱਦੋਂ ਦੇ ਵਿਅਕਤੀ ਦੀ ਖ਼ੂਨ ਨਾਲ ਲਥਪਥ ਲਾਸ਼

ਅਜੀਤ ਡੈਸਕ 08-07-2026
ਆਦਮਪੁਰ, 7 ਜੁਲਾਈ: (ਹਰਪ੍ਰੀਤ ਸਿੰਘ)-ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਥਾਣਾ ਆਦਮਪੁਰ ਦੇ ਅਧੀਨ ਆਉਂਦੇ ਪਿੰਡ ਮਾਣਕੋ ਵਿਖੇ ਹੋਏ ਇੱਕ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਵਾਰਦਾਤ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹ ਕਾਰਵਾਈ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਹਰਵਿੰਦਰ ਸਿੰਘ ਵਿਰਕ (ਪੀ.ਪੀ.ਐਸ.) ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮਾਜ ਦੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਮਲ ਵਿੱਚ ਲਿਆਂਦੀ ਗਈ। ਮਿਲੀ ਜਾਣਕਾਰੀ ਅਨੁਸਾਰ, ਇਹ ਸਾਰੀ ਕਾਰਵਾਈ ਪੁਲਿਸ ਕਪਤਾਨ (ਤਫਤੀਸ਼) ਵਨੀਤ ਆਹਲੂਵਾਲੀਆ (ਆਈ.ਪੀ.ਐਸ.) ਅਤੇ ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਆਦਮਪੁਰ, ਰਾਜੀਵ ਕੁਮਾਰ (ਪੀ.ਪੀ.ਐਸ.) ਦੀ ਨਿਗਰਾਨੀ ਹੇਠ ਥਾਣਾ ਆਦਮਪੁਰ ਦੇ ਮੁੱਖ ਅਫ਼ਸਰ ਇੰਸਪੈਕਟਰ ਪੰਕਜ ਕੁਮਾਰ ਦੀ ਅਗਵਾਈ ਹੇਠਲੀ ਪੁਲਿਸ ਪਾਰਟੀ ਵੱਲੋਂ ਕੀਤੀ ਗਈ। ਡੀ.ਐਸ.ਪੀ. ਰਾਜੀਵ ਕੁਮਾਰ ਨੇ ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 4 ਜੁਲਾਈ 2026 ਨੂੰ ਥਾਣਾ ਆਦਮਪੁਰ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਮਾਣਕੋ ਵਿਖੇ ਇਕ ਕਿਸਾਨ ਦੇ ਖੇਤਾਂ ਵਿੱਚ ਖ਼ੂਨ ਨਾਲ ਲੱਥਪੱਥ ਹਾਲਤ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਲਗਾਤਾਰ ਕੀਤੇ ਗਏ ਯਤਨਾਂ ਸਦਕਾ ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਡੀ.ਐਸ.ਪੀ. ਨੇ ਦੱਸਿਆ ਕਿ 4 ਜੁਲਾਈ ਨੂੰ ਦਿਲਬਾਗ ਸਿੰਘ ਪੁੱਤਰ ਦਿਆਲ ਸਿੰਘ (ਵਾਸੀ ਪਿੰਡ ਕੱਦੋਂ, ਥਾਣਾ ਦੋਰਾਹਾ, ਜ਼ਿਲ੍ਹਾ ਲੁਧਿਆਣਾ) ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਆਦਮਪੁਰ ਵਿਖੇ ਮੁਕੱਦਮਾ ਨੰਬਰ 144, ਅਧੀਨ ਧਾਰਾ 103 BNS ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਤਫ਼ਤੀਸ਼ ਦੌਰਾਨ ਮ੍ਰਿਤਕ ਦੀ ਪਛਾਣ ਜਗਾਜੀਤ ਸਿੰਘ ਉਰਫ਼ ਜੱਗੀ ਮਾਨ ਪੁੱਤਰ ਮੋਹਨ ਸਿੰਘ (ਵਾਸੀ ਸਰਹੰਦ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਹਾਲ ਵਾਸੀ ਪਿੰਡ ਕੱਦੋਂ, ਥਾਣਾ ਦੋਰਾਹਾ, ਜ਼ਿਲ੍ਹਾ ਲੁਧਿਆਣਾ) ਵਜੋਂ ਹੋਈ। ਮ੍ਰਿਤਕ ਜਗਾਜੀਤ ਸਿੰਘ, ਸ਼ਿਕਾਇਤਕਰਤਾ ਦਿਲਬਾਗ ਸਿੰਘ ਦਾ ਨਜ਼ਦੀਕੀ ਯਾਰ-ਦੋਸਤ ਸੀ।
ਪੁਲਿਸ ਦੀ ਡੂੰਘਾਈ ਨਾਲ ਕੀਤੀ ਗਈ ਤਫ਼ਤੀਸ਼ ਦੌਰਾਨ ਇਸ ਵਾਰਦਾਤ ਵਿੱਚ ਨਵਪ੍ਰੀਤ ਸਿੰਘ ਉਰਫ਼ ਨਵਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ (ਵਾਸੀ ਪਿੰਡ ਸ਼ਾਹਪੁਰ, ਤਹਿਸੀਲ ਅਮਲੋਹ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ) ਦੀ ਸ਼ਮੂਲੀਅਤ ਸਾਹਮਣੇ ਆਈ। ਪੁਲਿਸ ਨੇ ਕਾਨੂੰਨ ਅਨੁਸਾਰ ਕਾਰਵਾਈ ਕਰਦਿਆਂ ਦੋਸ਼ੀ ਨਵਪ੍ਰੀਤ ਸਿੰਘ ਨੂੰ 6 ਜੁਲਾਈ 2026 ਨੂੰ ਹਸਬ ਜ਼ਾਬਤਾ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਉਸ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਵਾਰਦਾਤ ਦੇ ਅਸਲ ਕਾਰਨਾਂ ਅਤੇ ਹੋਰ ਤੱਥਾਂ ਤੇ ਸਬੂਤਾਂ ਨੂੰ ਇਕੱਠਾ ਕੀਤਾ ਜਾ ਸਕੇ।
ਨਵਪ੍ਰੀਤ ਸਿੰਘ ਉਰਫ਼ ਨਵਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ, ਵਾਸੀ ਪਿੰਡ ਸ਼ਾਹਪੁਰ, ਤਹਿਸੀਲ ਅਮਲੋਹ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।
ਪਿਛਲੀ ਖ਼ਬਰ ਸਫਾਈ ਮਜ਼ਦੂਰਾਂ ਦੀ ਝਾੜੂ ਛੱਡੋ ਹੜਤਾਲ ਅੱਜ ਤੋਂ ਸ਼ੁਰੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਜਲੰਧਰ ਦਿਹਾਤੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਜਥੇਦਾਰ ਵਡਾਲਾ ਦੀ ਸਹਿਮਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।