04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸ਼ਾਹਕੋਟ ਦੇ ਪਿੰਡ ਦਾਨੇਵਾਲ ਵਿਖੇ ਭੇਦਭਰੇ ਹਾਲਾਤਾਂ ’ਚ ਮਿਲੀ ਨੌਜਵਾਨ ਦੀ ਲਾਸ਼

ਅਜੀਤ ਡੈਸਕ 05-07-2026
ਸ਼ਾਹਕੋਟ, 4 ਜੁਲਾਈ (ਸੁਖਦੀਪ ਸਿੰਘ)-ਸ਼ਾਹਕੋਟ ਦੇ ਨਜ਼ਦੀਕੀ ਪਿੰਡ ਦਾਨੇਵਾਲ ਵਿਖੇ ਅੱਜ ਤੜਕੇ ਇਕ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ (36) ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਦਾਨੇਵਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਪੁੱਤਰ ਚਾਨਣ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦੇ ਤਿੰਨ ਬੱਚੇ ਹਨ। ਉਹ ਪਿੰਡ ‘ਚ ਹੀ ਇਕ ਵਿਅਕਤੀ ਦੀ ਕੰਬਾਈਨ ਚਲਾਉਣ ਦਾ ਕੰਮ ਕਰਦਾ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਵੀ ਕੰਮ ‘ਤੇ ਗਿਆ ਸੀ, ਪਰ ਦੇਰ ਰਾਤ ਤੱਕ ਘਰ ਵਾਪਸ ਨਾ ਆਇਆ। ਜਦੋਂ ਕੰਬਾਈਨ ਮਾਲਕ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਵਰਿੰਦਰ ਸਿੰਘ ਕੰਮ ਤੋਂ ਵਾਪਸ ਚਲਾ ਗਿਆ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ, ਪਰ ਕੁੱਝ ਪਤਾ ਨਾ ਲੱਗਾ। ਅੱਜ ਸਵੇਰੇ ਕਰੀਬ 5:30 ਵਜੇ ਪਿੰਡ ਦੀ ਇਕ ਔਰਤ ਨੇ ਸੂਚਨਾ ਦਿੱਤੀ ਕਿ ਵਰਿੰਦਰ ਸਿੰਘ ਸਰਕਾਰੀ ਸਕੂਲ ਦੇ ਨੇੜੇ ਡਿੱਗਾ ਪਿਆ ਹੈ। ਉਥੇ ਪਹੁੰਚ ਕੇ ਦੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਅਨੁਸਾਰ ਉਸ ਦੇ ਸਿਰ, ਮੱਥੇ ਅਤੇ ਲੱਤਾਂ ‘ਤੇ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਵਰਿੰਦਰ ਸਿੰਘ ਦਾ ਕਤਲ ਕਰਕੇ ਲਾਸ਼ ਸਕੂਲ ਨੇੜੇ ਸੁੱਟੀ ਗਈ ਅਤੇ ਘਟਨਾ ਨੂੰ ਹਾਦਸੇ ਦਾ ਰੂਪ ਦੇਣ ਲਈ ਕੋਲ ਇੱਕ ਪਾਣੀ ਦੀ ਬੋਤਲ ਤੇ ਦੋ ਸਰਿੰਜਾਂ ਰੱਖੀਆਂ ਗਈਆਂ। ਸੂਚਨਾ ਮਿਲਣ ‘ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸ. ਐਚ. ਓ. ਇੰਸਪੈਕਟਰ ਅਮਨ ਸੈਣੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਦੀ ਮੋਰਚਨੀ ‘ਚ ਰਖਵਾ ਦਿੱਤੀ। ਐਸ. ਐਚ. ਓ. ਅਮਨ ਸੈਣੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਨੌਜਵਾਨ ਦੀ ਮੌਤ ਡਿੱਗ ਕੇ ਸੱਟ ਲੱਗਣ ਨਾਲ ਹੋਈ ਜਾਪਦੀ ਹੈ। ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਕਿਸ਼ਨਗੜ੍ਹ ਵਿਖੇ ਸਤਿਗੁਰੂ ਕਬੀਰ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਸਹਿਤ ਮਨਾਇਆ ਅਗਲੀ ਖ਼ਬਰ 2 ਨਸ਼ਾ ਤਸਕਰ ਕਾਬੂ 9 ਗ੍ਰਾਮ ਹੈਰੋਇਨ, 20 ਨਸ਼ੀਲੀਆਂ ਗੋਲੀਆਂ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।