13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਬੁੱਧਵਾਰ ਨੂੰ ਮੁੜ ਆਮ ਵਾਂਗ ਖੁੱਲ੍ਹੇ ਸਰਕਾਰੀ ਦਫ਼ਤਰ, ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀਆਂ ਲੱਗੀਆਂ ਕਤਾਰਾਂ

ਅਜੀਤ ਡੈਸਕ 02-07-2026

ਜਲੰਧਰ, 1 ਜੁਲਾਈ (ਜਤਿੰਦਰ ਪੰਮੀ)–ਬੁੱਧਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਦਫ਼ਤਰ ਮੁੜ ਆਮ ਵਾਂਗ 9 ਵਜੇ ਖੁੱਲ੍ਹੇ। ਪਿਛਲੇ ਤਿੰਨ-ਚਾਰ ਦਿਨ ਛੁੱਟੀਆਂ ਉਪਰੰਤ ਦਫ਼ਤਰ ਖੁੱਲ੍ਹਣ ਕਾਰਨ ਸਰਕਾਰੀ ਦਸਤਾਵੇਜ਼ ਬਣਵਾਉਣ ਤੇ ਆਪਣੇ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਸਵੇਰ ਤੋਂ ਹੀ ਭੀੜ ਲੱਗਣੀ ਸ਼ੁਰੂ ਹੋ ਗਈ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਸਥਿਤ ਵੱਖ-ਵੱਖ ਸਰਕਾਰੀ ਦਫ਼ਤਰਾਂ ’ਚ ਕੰਮ ਕਰਵਾਉਣ ਲਈ ਲੋਕ ਬੈਠੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਪਰ ਬਹੁਤੇ ਦਫ਼ਤਰਾਂ ’ਚ ਅਧਿਕਾਰੀਆਂ ਦੀਆਂ ਕੁਰਸੀਆਂ ਖਾਲੀ ਪਈਆਂ ਹੋਈਆਂ ਸਨ, ਜਿਸ ਕਾਰਨ ਲੋਕਾਂ ਕੰਮ ਕਰਵਾਉਣ ਲਈ ਕਾਫੀ ਇੰਤਜ਼ਾਰ ਕਰਨਾ ਪਿਆ। ਦੱਸਣਯੋਗ ਹੈ ਕਿ ਜੂਨ ਮਹੀਨੇ ’ਚ ਹੀਟ ਵੇਵ ਕਾਰਨ ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਕੇ ਸਵੇਰੇ 7.30 ਤੋਂ ਦੁਪਹਿਰ 1.30 ਵਜੇ ਤੱਕ ਕਰ ਦਿੱਤਾ ਗਿਆ ਸੀ ਅਤੇ ਸਰਕਾਰ ਵਲੋਂ ਆਦੇਸ਼ ਜਾਰੀ ਕਰਕੇ 1 ਜੁਲਾਈ ਤੋਂ ਮੁੜ ਸਾਰੇ ਸਰਕਾਰੀ ਦਫ਼ਤਰ ਖੁੱਲ੍ਹਣ ਦਾ ਸਮਾਂ ਆਮ ਵਾਂਗ 9 ਤੋਂ 5 ਕਰ ਦਿੱਤਾ ਗਿਆ ਸੀ। ਸ਼ਨਿਚਰਵਾਰ, ਐਤਵਾਰ ਤੇ ਸੋਮਵਾਰ ਦੀ ਸਰਕਾਰੀ ਛੁੱਟੀ ਹੋਣ ਕਾਰਨ ਅਤੇ 30 ਜੂਨ ਨੂੰ ਮਹੀਨੇ ਦਾ ਆਖਰੀ ਦਿਨ ਹੋਣ ਕਰਕੇ ਛੁੱਟੀ ਵਾਲਾ ਮਾਹੌਲ ਬਣਿਆ ਰਿਹਾ ਸੀ। ਛੁੱਟੀਆਂ ਕਾਰਨ ਲੋਕਾਂ ਦੇ ਕਾਫੀ ਕੰਮ ਰੁਕੇ ਪਏ ਸਨ, ਜਿਸ ਕਾਰਨ ਬੁੱਧਵਾਰ ਨੂੰ ਵੱਡੀ ਗਿਣਤੀ ਲੋਕ ਆਪਣੇ ਕੰਮ ਕਰਵਾਉਣ ਲਈ ਆਏ। ਤਹਿਸੀਲ ਕੰਪਲੈਕਸ ਸਥਿਤ ਸੁਵਿਧਾ ਕੇਂਦਰ ਦੇ ਬਾਹਰ ਤੇ ਅੰਦਰ ਵੀ ਲੋਕਾਂ ਦੀ ਕਾਫੀ ਭੀੜ ਰਹੀ। ਸਰਕਾਰੀ ਸੇਵਾਵਾਂ ਲੈਣ ਵਾਸਤੇ ਟੋਕਨ ਲੈਣ ਲਈ ਲੋਕਾਂ ਨੂੰ ਲੰਮੀਆਂ ਕਤਾਰਾਂ ’ਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਪਈ। ਇਸੇ ਤਰ੍ਹਾਂ ਸੁਵਿਧਾ ਕੇਂਦਰ ਪਰਚੀ ਕਾਉਂਟਰ ’ਤੇ ਲੋਕਾਂ ਦੀ ਕਾਫੀ ਭੀੜ ਸੀ ਅਤੇ ਬਾਕੀ ਕਾਊਂਟਰਾਂ ’ਤੇ ਵੀ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ।
ਆਰ. ਟੀ. ਓ. ਦਫਤਰ ’ਚ ਕੁਰਸੀਆਂ ਖਾਲੀ ਮਿਲੀਆਂ
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਅੰਦਰ ਸਥਿਤ ਆਰ. ਟੀ. ਓ. ਦਫ਼ਤਰ ਅੰਦਰ ਵੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਕੁਰਸੀਆਂ 9.30 ਵਜੇ ਵੀ ਖਾਲੀ ਮਿਲੀਆਂ। ਹਾਲਾਂਕਿ ਕੰਮ ਕਰਵਾਉਣ ਲਈ ਆਉਣ ਵਾਲੇ ਲੋਕ ਕਾਊਂਟਰ ਦੇ ਬਾਹਰ ਲਾਈਨਾਂ ’ਚ ਖੜੇ ਹੋ ਚੁੱਕੇ ਸਨ। ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਲੇਟ ਆਉਣ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਾਫੀ ਦੇਰ ਤਕ ਉਡੀਕ ਕਰਨੀ ਪਈ। ਇਸ ਕਾਰਨ ਲੋਕਾਂ ’ਚ ਨਿਰਾਸ਼ਾ ਤੇ ਨਾਰਾਜ਼ਗੀ ਵੀ ਦੇਖੀ ਗਈ। ਲੋਕਾਂ ਦਾ ਕਹਿਣਾ ਸੀ ਕਿ ਉਹ ਕੰਮ ਕਰਵਾਉਣ ਸਮੇਂ ’ਤੇ ਪੁੱਜ ਗਏ ਹਨ ਪਰ ਅਧਿਕਾਰੀ ਤੇ ਮੁਲਾਜ਼ਮ ਹਾਲੇ ਤਕ ਨਹੀਂ ਪੁੱਜੇ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਸਮੇਂ ਸਿਰ ਕੰਮ ਨਾ ਹੋਣ ਕਰਕੇ ਫੇਰ ਚੱਕਰ ਲਾਉਣੇ ਪੈਣਗੇ।
ਅਦਾਲਤਾਂ ਖੁੱਲ੍ਹਣ ਨਾਲ ਜ਼ਿਲ੍ਹਾ ਕਚਹਿਰੀਆਂ ’ਚ ਵੀ ਪਰਤੀ ਰੌਣਕ
ਗਰਮੀਆਂ ਦੀਆਂ ਛੁੱਟੀਆਂ ਉਪਰੰਤ ਬੁੱਧਵਾਰ ਜ਼ਿਲ੍ਹੇ ਦੀਆਂ ਅਦਾਲਤਾਂ ਖੁੱਲ੍ਹਣ ਨਾਲ ਜ਼ਿਲ੍ਹਾ ਕਚਹਿਰੀਆਂ ’ਚ ਵੀ ਰੌਣਕ ਪਰਤ ਆਈ। ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦੀ ਪੈਰਵੀ ਸ਼ੁਰੂ ਹੋਈ, ਜਿਸ ਕਾਰਨ ਕਚਹਿਰੀ ਕੰਪਲੈਕਸ ਦੇ ਅੰਦਰ ’ਤੇ ਲੋਕਾਂ ਦੀ ਕਾਫੀ ਆਮਦ ਰਹੀ। ਵਕੀਲ ਸਾਹਿਬਾਨ ਵੀ ਆਪਣੇ-ਆਪਣੇ ਕੇਸ ਦੀ ਸਿਲਸਿਲੇ ’ਚ ਅਦਾਲਤਾਂ ’ਚ ਪੁੱਜੇ ਹੋਏ ਸਨ।

ਪਿਛਲੀ ਖ਼ਬਰ ਇਕ ਮਹੀਨੇ ਬਾਅਦ ਖੁੱਲ੍ਹੇ ਸਰਕਾਰੀ ਤੇ ਨਿੱਜੀ ਸਕੂਲ-ਸਰਕਾਰੀ ਸਕੂਲਾਂ ’ਚ ਬੱਚਿਆਂ ਦੀ ਗਿਣਤੀ ਰਹੀ ਘੱਟ ਅਗਲੀ ਖ਼ਬਰ ਔਰਤਾਂ ਨਾਲ ਵਾਅਦਾ ਖ਼ਿਲਾਫ਼ੀ ਕਰ ਰਹੀ ਸਰਕਾਰ-ਕੇਵਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।