06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਡੀ. ਸੀ. ਵਾਲੀਆ ਨੇ ਆਪਣੇ ਢਾਈ ਮਹੀਨੇ ਦੇ ਪੁੱਤਰ ਨੂੰ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਤਿੰਨ ਦਿਨਾ ਪਲਸ ਪੋਲੀਓ ਮੁਹਿੰਮ ਕੀਤੀ ਆਰੰਭ ਮਾਪਿਆਂ ਨੂੰ ਪੰਜ ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਉਣ ਦੀ ਕੀਤੀ ਅਪੀਲ

ਅਜੀਤ ਡੈਸਕ 29-06-2026
ਜਲੰਧਰ, 28 ਜੂਨ (ਜਤਿੰਦਰ ਪੰਮੀ)- ਜ਼ਿਲ੍ਹੇ ਵਿੱਚ ਐਤਵਾਰ ਨੂੰ ਤਿੰਨ ਦਿਨਾ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੇ ਢਾਈ ਮਹੀਨੇ ਦੇ ਪੁੱਤਰ ਨੂੰ ਸਿਵਲ ਸਰਜਨ ਡਾ. ਰਾਜੇਸ਼ ਗਰਗ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਪੋਲੀਓ ਰੋਧਕ ਬੂੰਦਾਂ ਪਿਲਾ ਕੇ ਕੀਤੀ ਗਈ। ਮਾਪਿਆਂ ਨੂੰ ਇਸ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ ਦੀ ਅਪੀਲ ਕਰਦਿਆਂ ਡੀ. ਸੀ. ਵਾਲੀਆ ਨੇ ਕਿਹਾ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਜ਼ਰੂਰ ਪਿਲਾਈਆਂ ਜਾਣ ਤਾਂ ਜੋ ਭਾਰਤ ਪੋਲੀਓ ਮੁਕਤ ਦੇਸ਼ ਬਣਿਆ ਰਹੇ। ਉਨ੍ਹਾਂ ਵਸਨੀਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਕੋਈ ਵੀ ਯੋਗ ਬੱਚਾ ਇਸ ਮੁਹਿੰਮ ਦੌਰਾਨ ਕਵਰ ਹੋਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਮੁਹਿੰਮ ਦੀ ਸਫ਼ਲਤਾ ਲਈ ਵਿਆਪਕ ਪ੍ਰਬੰਧ ਕੀਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਬੱਚੇ ਕਿਸੇ ਕਾਰਨ ਪਹਿਲੇ ਦਿਨ ਨਿਰਧਾਰਤ ਬੂਥਾਂ ਤੋਂ ਪੋਲੀਓ ਬੂੰਦਾਂ ਪੀਣ ਤੋਂ ਵਾਂਝੇ ਰਹਿ ਜਾਣਗੇ, ਉਨ੍ਹਾਂ ਨੂੰ ਮੁਹਿੰਮ ਦੇ ਬਾਕੀ ਦੋ ਦਿਨਾਂ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸਿਮਰਨਜੀਤ ਕੌਰ, ਸਹਾਇਕ ਸਿਹਤ ਅਫ਼ਸਰ ਡਾ. ਮੀਰਾ, ਮੈਡੀਕਲ ਅਫ਼ਸਰ ਡਾ. ਆਦਿਤਿਆਪਾਲ, ਡੈਂਟਲ ਸਰਜਨ (ਪੀ.ਏ.ਪੀ.) ਡਾ. ਅਨੁਦੀਪ ਕੌਰ, ਡਿਪਟੀ ਐਮ.ਈ.ਆਈ.ਓਜ਼ ਅਸੀਮ ਸ਼ਰਮਾ ਅਤੇ ਰਵਿੰਦਰ ਜੱਸਲ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਮੋਨਿਕਾ, ਐਮ.ਪੀ.ਐਚ.ਡਬਲਯੂ (ਮਹਿਲਾ) ਕਲਪਨਾ ਅਤੇ ਆਸ਼ਾ ਵਰਕਰ ਵੀ ਮੌਜੂਦ ਸਨ।
ਪੋਲੀਓ ਮੁਹਿੰਮ ਲਈ ਜ਼ਿਲ੍ਹੇ ’ਚ 2203 ਟੀਮਾਂ ਕੀਤੀਆਂ ਗਈਆਂ ਤਾਇਨਾਤ
ਇਸ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿੱਚ 2,203 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ 2,107 ਹਾਊਸ ਟੂ ਹਾਊਸ ਟੀਮਾਂ, 66 ਮੋਬਾਈਲ ਟੀਮਾਂ ਅਤੇ 30 ਟਰਾਂਜ਼ਿਟ ਟੀਮਾਂ ਸ਼ਾਮਲ ਹਨ। ਇਹ ਟੀਮਾਂ ਪੰਜ ਸਾਲ ਤੋਂ ਘੱਟ ਉਮਰ ਦੇ 1,96,657 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ। ਉਨ੍ਹਾਂ ਕਿਹਾ ਕਿ ਇਹ ਟੀਮਾਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਲਗਭਗ 5,41,258 ਘਰ ਕਵਰ ਕਰਨ ਤੋਂ ਇਲਾਵਾ 715 ਉੱਚ-ਜੋਖਮ ਵਾਲੇ ਸਥਾਨਾਂ ਤੱਕ ਪਹੁੰਚ ਕਰਨਗੀਆਂ, ਜਿਨ੍ਹਾਂ ਵਿੱਚ ਝੁੱਗੀਆਂ-ਝੌਂਪੜੀਆਂ, ਇੱਟਾਂ ਦੇ ਭੱਠੇ, ਉਦਯੋਗਿਕ ਖੇਤਰ, ਅਸਥਾਈ ਬਸਤੀਆਂ ਅਤੇ ਹੋਰ ਸੰਵੇਦਨਸ਼ੀਲ ਇਲਾਕੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਟੀਕਾਕਰਨ ਮੁਹਿੰਮ ਦੀ ਨੇੜਿਓਂ ਨਿਗਰਾਨੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ 267 ਸੁਪਰਵਾਈਜ਼ਰ ਵੀ ਤਾਇਨਾਤ ਕੀਤੇ ਗਏ ਹਨ।ਪਹਿਲੇ ਦਿਨ 93,000 ਤੋਂ ਵੱਧ ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਰੋਧਕ ਬੂੰਦਾਂਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਅੱਜ ਦੱਸਿਆ ਕਿ 28 ਜੂਨ, 2026 ਨੂੰ ਰਾਸ਼ਟਰੀ ਪਲਸ ਪੋਲੀਓ ਟੀਕਾਕਰਨ ਦਿਵਸ ਮੌਕੇ ਤਿੰਨ ਦਿਨਾ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਪੰਜ ਸਾਲ ਤੋਂ ਘੱਟ ਉਮਰ ਦੇ 93,479 ਬੱਚਿਆਂ ਨੂੰ ਸਫ਼ਲਤਾਪੂਰਵਕ ਕਵਰ ਕੀਤਾ ਗਿਆ। ਡੀ. ਸੀ. ਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 28 ਤੋਂ 30 ਜੂਨ ਤੱਕ ਚੱਲਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ 2,23,754 ਬੱਚਿਆਂ ਨੂੰ ਕਵਰ ਕਰਨ ਦਾ ਵਿਆਪਕ ਟੀਚਾ ਮਿੱਥਿਆ ਹੈ। ਉਨ੍ਹਾਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਵਾਲੀਆਂ ਸਿਹਤ ਟੀਮਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਮੁਹਿੰਮ ਦੇ ਪਹਿਲੇ ਦਿਨ ਸ਼ਾਨਦਾਰ ਕੰਮ ਕਰਦੇ ਹੋਏ ਸ਼ੁਰੂਆਤੀ 24 ਘੰਟਿਆਂ ਵਿੱਚ ਕੁੱਲ ਟੀਚੇ ਦੀ 41.78 ਫੀਸਦੀ ਕਵਰੇਜ ਦਰ ਪ੍ਰਾਪਤ ਕੀਤੀ। ਡੀ. ਸੀ. ਵਾਲੀਆ ਨੇ ਕਿਹਾ ਕਿ ਸਿਹਤ ਟੀਮਾਂ ਹੁਣ ਬਾਕੀ ਰਹਿੰਦੇ ਬੱਚਿਆਂ ਨੂੰ ਟਰੈਕ ਅਤੇ ਕਵਰ ਕਰਨ ਲਈ ਘਰ-ਘਰ ਜਾਣਗੀਆਂ। ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਯੋਗ ਬੱਚਾ ਪੋਲੀਓ ਬੂੰਦਾਂ ਤੋਂ ਬਿਨਾਂ ਨਾ ਰਹਿ ਜਾਵੇ, 5,41,258 ਘਰਾਂ ਵਿੱਚ ਜਾਣ ਦਾ ਟੀਚਾ ਮਿੱਥਿਆ ਗਿਆ ਹੈ।
ਪਿਛਲੀ ਖ਼ਬਰ ਬਰਸਾਤਾਂ ਤੋਂ ਪਹਿਲਾਂ ਹੀ ਸ਼ਹਿਰ ਦੇ ਕਈ ਇਲਾਕੇ ਸੀਵਰੇਜ ਦੇ ਪਾਣੀ ’ਚ ਡੁੱਬੇ ...ਸੀਵਰਾਂ ਤੇ ਰੋਡ ਗਲੀਆਂ ਦੀ ਸਫ਼ਾਈ ਨਾ ਹੋ... ਅਗਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਰਾਜ ਪੁਰੀ ਤੇ ਕੌਂਸਲਰ ਅੰਜੂ ਪੁਰੀ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।