06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

50 ਲੱਖ ਫਿਰੌਤੀ ਨਾ ਦੇਣ 'ਤੇ ਲੰਮਾ ਪਿੰਡ 'ਚ ਬੀ. ਐੱਮ. ਐੱਸ. ਫੈਸ਼ਨ ਸ਼ੋਅਰੂਮ 'ਤੇ ਮੋਟਰਸਾਈਕਲ ਸਵਾਰ ਗੈਂਗਸਟਰਾਂ ਨੇ ਚਲਾਈਆਂ ਗੋਲੀਆਂ

ਅਜੀਤ ਡੈਸਕ 13-06-2026

ਜਲੰਧਰ, 12 ਜੂਨ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਲੰਮਾ ਪਿੰਡ-ਹੁਸ਼ਿਆਰਪੁਰ ਰੋਡ ਨੇੜੇ ਸਥਿਤ ਕੱਪੜਿਆਂ ਦੇ ਸ਼ੋਅ ਰੂਮ ਬੀਐੱਮਐੱਸ ਫੈਸ਼ਨ 'ਤੇ ਅੱਜ ਕਰੀਬ 4 ਵਜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਵਿਅਕਤੀਆਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਦੌਰਾਨ ਖੇਤਰ 'ਚ ਅਤੇ ਖਾਸ ਤੌਰ 'ਤੇ ਦੁਕਾਨਦਾਰਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਦਿਨ ਦਿਹਾੜੇ ਗੋਲੀਆਂ ਚੱਲਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਥਾਣਾ ਰਾਮਾ ਮੰਡੀ ਦੇ ਮੁਖੀ ਅਤੇ ਸੀਨੀਅਰ ਪੁਲਿਸ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਵਲੋਂ ਉਕਤ ਸ਼ੋਅ ਰੂਮ 'ਤੇ ਦੋ ਗੋਲੀਆਂ ਚਲਾਈਆਂ ਗਈਆਂ, ਜਿਸ 'ਚੋਂ ਪੁਲਿਸ ਵਲੋਂ ਇੱਕ ਖੋਲ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਬਾਕੀ ਖੋਲ ਵੀ ਲੱਭਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ | ਘਟਨਾ ਸਥਾਨ 'ਤੇ ਪੁੱਜੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਕਰੀਬ 4 ਵਜੇ ਤੋਂ ਬਾਅਦ ਪੁਲਿਸ ਕੰਟਰੋਲ 'ਤੇ ਸੂਚਨਾ ਮਿਲੀ ਸੀ ਕਿ ਲੰਮਾ ਪਿੰਡ ਚੌਂਕ ਨੇੜੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ, ਜਿਸ ਦੌਰਾਨ ਪੁਲਿਸ ਟੀਮ ਵਲੋਂ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਸਾਰੀ ਘਟਨਾ ਸ਼ੋਰੂਮ ਦੇ ਬਾਹਰ ਲੱਗੇ ਹੋਏ ਸੀਸੀਟੀਟੀ ਕੈਮਰੇ 'ਚ ਕੈਦ ਹੋ ਗਈ ਹੈ, ਜਿਸ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਮੋਟਰਸਾਈਕਲ ਦੇ ਪਿੱਛੇ ਬੈਠਾ ਨਕਾਬਪੋਸ਼ ਵਿਅਕਤੀ ਸ਼ੋਅ ਰੂਮ ਵਲੋਂ ਗੋਲੀਆਂ ਚਲਾ ਰਿਹਾ ਹੈ, ਜਿਸ ਦੌਰਾਨ ਹੀ ਸ਼ੋਅਰੂਮ ਦਾ ਸ਼ੀਸ਼ਾ ਟੁੱਟ ਦੇ ਹੇਠਾਂ ਡਿੱਗ ਜਾਂਦਾ ਹੈ |
ਸ਼ੋਅ ਰੂਮ ਮਾਲਕ ਨੂੰ ਮਿਲ ਰਹੀਆਂ ਸੀ ਧਮਕੀਆਂ
ਸ਼ੋਅ ਰੂਮ ਦੇ ਮਾਲਕ ਲਕਸ਼ੇ ਵਰਮਾ ਦੇ ਪਿਤਾ ਸੁਬੋਧ ਵਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਉਸ ਦੇ ਪੁੱਤਰ ਨੂੰ ਧਮਕੀਆਂ ਮਿਲ ਰਹੀਆਂ ਸਨ ਤੇ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਤੇ ਉਸ ਦੇ ਪੁੱਤਰ ਵਲੋਂ ਇਸ ਨੂੰ ਅਣਗੌਲਿਆ ਵੀ ਕੀਤਾ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਬੀਤੇ ਦਿਨ ਵੀ ਉਸ ਨੂੰ 50 ਲੱਖ ਰੁਪਏ ਦੇ ਸੰਬੰਧੀ ਧਮਕੀਆਂ ਮਿਲੀਆਂ ਸਨ ਜੋ ਕਿ ਨਾਂ ਦੇਣ 'ਤੇ ਅੱਜ ਉਕਤ ਵਿਅਕਤੀਆਂ ਵਲੋਂ ਸ਼ਰੇਆਮ ਹੀ ਦਿਨ ਦਿਹਾੜੇ ਗੋਲੀਆਂ ਚਲਾ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਇੱਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗੋਲੀਆਂ ਚਲਾਉਣ ਤੋਂ ਬਾਅਦ ਗੈਂਗਸਟਰਾਂ ਵਲੋਂ ਪੁਲਿਸ ਦੇ ਸਾਹਮਣੇ ਹੀ ਉਨ੍ਹਾਂ ਨੂੰ ਫੋਨ ਕਰਕੇ ਮੁੜ ਧਮਕੀਆਂ ਦਿੱਤੀਆਂ ਗਈਆਂ ਤੇ ਗੈਂਗਸਟਰਾਂ ਨੇ ਕਿਹਾ ਕਿ ਉਹ ਚਾਹੇ ਕਿਸੇ ਵੀ ਪੁਲਿਸ ਅਧਿਕਾਰੀਆਂ ਨੂੰ ਮੌਕੇ 'ਤੇ ਸੱਦ ਲਵੇ ਉਸ ਨੂੰ 50 ਲੱਖ ਰੁਪਏ ਦੇਣੇ ਹੀ ਪੈਣੇ ਹਨ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪਹਿਲਾਂ ਵੀ ਪੁਲਿਸ ਕਮਿਸ਼ਨਰ ਤੇ ਥਾਣਾ ਰਾਮਾ ਮੰਡੀ ਵਿਖੇ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਸਨ ਪ੍ਰੰਤੂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਅੱਜ ਸ਼ਰੇਆਮ ਹੀ ਉਕਤ ਵਿਅਕਤੀ ਉਨ੍ਹਾਂ ਦੇ ਸ਼ੋਅ ਰੂਮ 'ਤੇ ਗੋਲੀਆਂ ਚਲਾ ਕੇ ਚਲੇ ਗਏ |
ਕੀ ਕਹਿੰਦੇ ਹਨ ਪੁਲਿਸ ਅਧਿਕਾਰੀ
ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਕਸ਼ੇ ਵਰਮਾ ਦੇ ਸ਼ੋਅ ਰੂਮ 'ਤੇ ਦਿਨ ਦਿਹਾੜੇ ਅਣਪਛਾਤੇ ਹਮਲਾਵਰਾਂ ਵਲੋਂ ਚਲਾਈਆਂ ਗਈਆਂ ਗੋਲੀਆਂ ਦੇ ਸੰਬੰਧ 'ਚ ਪੁਲਿਸ ਵਲੋਂ ਵੱਖ ਵੱਖ ਟੀਮਾਂ ਬਣਾ ਕੇ ਵੱਖ ਵੱਖ ਖੇਤਰਾਂ 'ਚ ਛਾਪਾਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸ਼ੋਅ ਰੂਮ ਦੇ ਮਾਲਕ ਲਕਸ਼ੇ ਵਰਮਾ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਦਿੱਤੀ ਗਈ ਹੈ ਤੇ ਉਮੀਦ ਹੈ ਕਿ ਉਕਤ ਹਮਲਾਵਰ ਜਲਦ ਹੀ ਪੁਲਿਸ ਦੀ ਗਿ੍ਫ਼ਤ 'ਚ ਹੋਣਗੇ |

ਪਿਛਲੀ ਖ਼ਬਰ ਬਹੁਜਨ ਸਮਾਜ ਪਾਰਟੀ ਵਲੋਂ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਪ੍ਰਦਰਸ਼ਨ ਅਗਲੀ ਖ਼ਬਰ ਵੱਖ-ਵੱਖ ਮਾਮਲਿਆਂ 'ਚ ਪਿਸਤੌਲ, ਗੋਲੀ ਸਿੱਕੇ ਤੇ ਨਸ਼ੀਲੇ ਪਦਾਰਥ ਸਣੇ ਚਾਰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।