09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਈਦ-ਉਲ-ਅਜ਼ਹਾ ਮੌਕੇ ਮੁਸਲਿਮ ਭਾਈਚਾਰੇ ਨੇ ਵੱਖ-ਵੱਖ ਮਸਜਿਦਾਂ 'ਚ ਨਮਾਜ਼ ਕੀਤੀ ਅਦਾ <br/>

ਅਜੀਤ ਡੈਸਕ 29-05-2026
ਜਲੰਧਰ, 28 ਮਈ (ਐੱਮ. ਐੱਸ. ਲੋਹੀਆ) – ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਮੁਸਲਿਮ ਭਾਈਚਾਰੇ ਵਲੋਂ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਮਸਜਿਦਾਂ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕੀਤੀ ਅਤੇ ਇਕ ਦੂਸਰੇ ਦੇ ਗਲੇ ਮਿਲ ਕੇ ਤਿਓਹਾਰ ਦੀ ਖੁਸ਼ੀ ਸਾਂਝੀ ਕਰਦੇ ਹੋਏ ਵਧਾਈ ਦਿੱਤੀ | ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਜਥੇਬੰਦੀਆਂ ਦੇ ਨਾਲ-ਨਾਲ ਸਿੱਖ, ਹਿੰਦੂ ਤੇ ਹੋਰ ਧਰਮਾਂ ਦੇ ਆਗੂਆਂ ਨੇ ਮੁਸਲਿਮ ਭਾਈਚਾਰੇ ਦੀ ਇਸ ਖੁਸ਼ੀ 'ਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ | ਮਸਜਿਦ ਬਿਲਾਲ, ਨਿਊ ਅਸ਼ੋਕ ਨਗਰ ਵਿਖੇ ਪ੍ਰਧਾਨ ਮਨਸੂਰ ਅਖ਼ਤਰ ਵਲੋਂ ਕੀਤੇ ਗਏ ਉਪਰਾਲੇ ਸਦਕਾ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਮੁਸਲਮਾਨਾਂ ਨੇ ਨਮਾਜ ਅਦਾ ਕੀਤੀ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਕੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ, ਉਨ੍ਹਾਂ ਆਪਣੇ ਸੰਬੋਧਨ 'ਚ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਰੇ ਭਾਈਚਾਰਿਆਂ ਨੂੰ ਮਿਲ ਕੇ ਮਨਾਉਣੇ ਚਾਹੀਦੇ ਹਨ, ਜਿਸ ਨਾਲ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ | ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੇ ਆਪਣੇ ਸੰਬੋਧਨ ਦੌਰਾਨ ਮੁਸਲਿਮ ਭਾਈਚਾਰੇ ਨੂੰ ਇਸ ਪਾਵਨ ਤਿਓਹਾਰ ਦੀ ਵਧਾਈ ਦਿੱਤੀ | ਸਮਾਗਮ ਦੌਰਾਨ ਮੁਸਲਿਮ ਆਗੂ ਤੇ ਪੰਜਾਬ ਮੁਸਲਿਮ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਦਿਲਬਾਗ ਹੁਸੈਨ ਨੇ ਵੀ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਨਮਾਜ਼ ਅਦਾ ਕਰਨ ਆਏ ਮੁਸਲਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭੇਜਿਆ ਗਿਆ ਮੁਬਾਰਕਬਾਦ ਦਾ ਸੁਨੇਹਾ ਸਟੇਜ ਤੋਂ ਮੁਸਲਿਮ ਭਾਈਚਾਰੇ ਨੂੰ ਪੜ੍ਹ ਕੇ ਸੁਣਾਇਆ ਗਿਆ | ਸਮਾਗਮ ਦੌਰਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਸਮੇਤ ਹੋਰ ਵੱਖ-ਵੱਖ ਸ਼ਖਸੀਅਤਾਂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਈਦਗਾਹ ਸੁੰਨੀ ਸ਼ਾਹੀ ਜਾਮਾ ਮਸਜਿਦ, ਸੈਂਟਰ ਆਫ਼ ਮੁਸਲਿਮ ਪੰਜਾਬ, ਗੁਲਾਬ ਦੇਵੀ ਹਸਪਤਾਲ ਰੋਡ ਜਲੰਧਰ ਵਿਖੇ ਈਦ-ਉਲ-ਅਜ਼ਹਾ ਦੀ ਨਮਾਜ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਅਦਾ ਕੀਤੀ ਗਈ ਜਿਸ ਦੌਰਾਨ ਵੱਡੀ ਗਿਣਤੀ 'ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਐਡਵੋਕੇਟ ਨਈਮ ਖਾਨ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਮਸਜਿਦ ਦੇ ਇਮਾਮ, ਕਾਰੀ ਅਬਦੁਲ ਸੁਭਾਨ ਨੇ ਨਮਾਜ਼ ਦੀ ਅਗਵਾਈ ਕੀਤੀ ਅਤੇ ਲੋਕਾਂ ਨੂੰ ਕੁਰਬਾਨੀ ਦੀ ਮਹੱਤਤਾ ਬਾਰੇ ਦੱਸਦੇ ਹੋਏ, ਭਾਰਤ ਦੀ ਸ਼ਾਂਤੀ, ਤਰੱਕੀ ਤੇ ਭਾਈਚਾਰੇ ਲਈ ਦੁਆ ਕੀਤੀ | ਐਡਵੋਕੇਟ ਨਈਮ ਖਾਨ ਨੇ ਕਿਹਾ ਕਿ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਸਾਨੂੰ ਕੁਰਬਾਨੀ ਅਤੇ ਤਿਆਗ ਦੀ ਭਾਵਨਾ ਸਿਖਾਉਂਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਨਫ਼ਰਤ ਤਿਆਗ ਕੇ ਆਪਸੀ ਪਿਆਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਵਲੋਂ ਆਪਸੀ ਨਫ਼ਰਤ ਫੈਲਾਉਣਾ ਬੰਦ ਕਰਕੇ, ਦੇਸ਼ 'ਚ ਬੇਰੁਜ਼ਗਾਰੀ, ਮਹਿੰਗਾਈ, ਵਿਦੇਸ਼ ਨੀਤੀ, ਸਿੱਖਿਆ ਨੀਤੀ, ਡਾਕਟਰੀ ਸਹੂਲਤਾਂ ਆਦਿ ਵਰਗੇ ਮੁੱਦਿਆਂ 'ਤੇ ਕੰਮ ਕਰਨਾ ਚਾਹੀਦਾ ਹੈ | ਜਮਾਤ-ਏ-ਸਲਮਾਨੀ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਹਾਜੀ ਆਬਿਦ ਹਸਨ ਸਲਮਾਨੀ ਨੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਸਮਾਗਮ ਦੌਰਾਨ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਸੰਬੋਧਨ ਕੀਤਾ ਅਤੇ ਮੁਸਲਿਮ ਭਾਈਚਾਰੇ ਨੂੰ ਗਲੇ ਮਿਲ ਕੇ ਵਧਾਈ ਦਿੱਤੀ | ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ, ਅੰਮਿ੍ਤਬੀਰ ਸਿੰਘ, ਮਨਵੀਰ ਸਿੰਘ, ਪਵਿੰਦਰ ਸਿੰਘ ਠੁਕਰਾਲ, ਅਮਰਜੀਤ ਸਿੰਘ ਮੰਗਾ, ਪਰਮਪ੍ਰੀਤ ਸਿੰਘ ਵਿੱਟੀ ਤੇ ਹੋਰਨਾਂ ਆਗੂਆਂ ਨੇ ਵੀ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ | ਇਸ ਮੌਕੇ ਸਈਅਦ ਅਲੀ, ਮੌਲਾਨਾ ਜ਼ਾਕਿਰ ਰਿਜ਼ਵੀ, ਸਿਕੰਦਰ ਸ਼ੇਖ, ਸਰਫਰਾਜ਼ ਖਾਨ, ਅਰਮਾਨ ਸ਼ੇਖ, ਹਾਜੀ ਆਬਿਦ ਸਲਮਾਨੀ, ਕਲੀਮ ਕਾਜ਼ਮੀ, ਅਹਿਸਾਨ ਖਾਨ, ਸਈਅਦ ਨਜਰੂਲ, ਸ਼ਕੀਲ ਖਾਨ, ਬਦਰੂਲ ਖਾਨ, ਨਈਮ ਆਪਟੀਕਲ, ਸ਼ੇਖ ਮੁਖ਼ਤਾਰ, ਆਲਮ, ਸ਼ਹਾਦਤ, ਜਬਬਾਰ ਨਾਗਰਾ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਿਵ ਨਗਰ 'ਚ ਦੂਰੋਂ ਪਾਣੀ ਲਿਆ ਰਹੇ ਲੋਕ <br/> ਅਗਲੀ ਖ਼ਬਰ ਜੰਡੂਸਿੰਘਾ ਵਿਖੇ 'ਮੇਰੀ ਰਸੋਈ' ਯੋਜਨਾ ਤਹਿਤ ਲਾਭਪਾਤਰੀਆਂ ਦੀਆਂ ਪਰਚੀਆਂ ਕੱਟੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।