ਜਲੰਧਰ, 30 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਆਪਣੇ ਹੀ 6 ਸਾਲ ਦੇ ਬੱਚੇ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਿ੍ਤਕ ਅਰਸ਼ਪ੍ਰੀਤ ਸਿੰਘ ਦੀ ਮਾਂ ਕੁਲਵਿੰਦਰ ਕੌਰ ਉਰਫ਼ ਕਿੰਦੀ ਪਤਨੀ ਸੁਰਜੀਤ ਸਿੰਘ ਵਾਸੀ ਸੋਹਲ ਜਾਗੀਰ ਸ਼ਾਹਕੋਟ ਨੂੰ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ | ਜੁਰਮਾਨਾ ਨਾ ਦੇਣ 'ਤੇ ਦੋਸ਼ੀ ਨੂੰ 1 ਸਾਲ ਹੋਰ ਸਜ਼ਾ ਭੁਗਤਣੀ ਪਵੇਗੀ | ਦੋਸ਼ੀ ਖ਼ਿਲਾਫ਼ ਮਿਤੀ 9 ਜੂਨ 2020 ਨੂੰ ਥਾਣਾ ਸ਼ਾਹਕੋਟ ਵਿਖੇ ਮਿ੍ਤਕ ਦੇ ਦਾਦੇ ਅਵਤਾਰ ਸਿੰਘ ਪੁੱਤਰ ਹਜ਼ਾਰਾ ਸਿੰਘ ਦੀ ਸ਼ਿਕਾਇਤ 'ਤੇ ਕਤਲ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਦੇ ਲੜਕੇ ਸੁਰਜੀਤ ਸਿੰਘ ਦਾ ਵਿਆਹ ਕੁਲਵਿੰਦਰ ਕੌਰ ਨਾਲ ਹੋਇਆ ਸੀ ਤੇ ਉਸ ਦਾ ਲੜਕਾ ਇਟਲੀ ਵਿਖੇ ਪੱਕਾ ਰਹਿੰਦਾ ਸੀ ਤੇ ਇਥੇ ਆਉਂਦਾ ਜਾਂਦਾ ਰਹਿੰਦਾ ਸੀ ਤੇ ਉਸ ਦਾ ਇਕ ਲੜਕਾ ਅਰਸ਼ਪ੍ਰੀਤ ਸਿੰਘ ਜਿਸ ਦੀ ਉਮਰ 6 ਸਾਲ ਸੀ | ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦਾ ਪੋਤਾ ਅਰਸ਼ਪ੍ਰੀਤ ਸਿੰਘ ਜੋ ਕਿ ਆਪਣੀ ਦਾਦੀ ਚਰਨਜੀਤ ਕੌਰ ਨਾਲ ਬਹੁਤ ਪਿਆਰ ਕਰਦਾ ਸੀ ਤੇ ਉਹ ਆਪਣੀ ਨੰੂਹ ਤੇ ਅਰਸ਼ਪ੍ਰੀਤ ਨਾਲ ਇਕੱਠੇ ਹੀ ਰਹਿੰਦੇ ਸਨ ਤੇ ਉਸ ਦੀ ਨੂੰਹ ਕੁਲਵਿੰਦਰ ਕੌਰ, ਅਰਸ਼ਪ੍ਰੀਤ ਸਿੰਘ ਦੀ ਦਾਦੀ ਚਰਨਜੀਤ ਕੌਰ ਨਾਲ ਅਕਸਰ ਝਗੜਾ ਕਰਦੀ ਸੀ ਤੇ ਅਰਸ਼ਪ੍ਰੀਤ ਦੇ ਆਪਣੀ ਦਾਦੀ ਨਾਲ ਪਿਆਰ ਕਰਕੇ ਰੰਜਿਸ਼ ਵੀ ਰੱਖਦੀ ਤੇ ਘਟਨਾ ਵਾਲੇ ਦਿਨ ਉਹ ਖਾਣਾ ਖਾ ਕੇ ਬੈਠੇ ਸਨ ਕਿ ਕਮਰੇ 'ਚੋਂ ਚੀਕਾਂ ਦੀ ਆਵਾਜ਼ ਆਈ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਦੋਸ਼ੀ ਕੁਲਵਿੰਦਰ ਕੌਰ ਨੇ ਹੱਥ 'ਚ ਸਬਜ਼ੀ ਕੱਟਣ ਵਾਲਾ ਚਾਕੂ ਫੜਿਆ ਸੀ ਜੋ ਕਿ ਉਸ ਨੇ ਆਪਣੇ ਲੜਕੇ ਅਰਸ਼ਪ੍ਰੀਤ ਦੇ ਮਾਰਿਆ ਸੀ ਤੇ ਇਸ ਨਾਲ ਅਰਸ਼ਪ੍ਰੀਤ ਦੀ ਮੌਤ ਹੋ ਗਈ ਤੇ ਕੁਲਵਿੰਦਰ ਕੌਰ ਇਸ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਦੌੜ ਗਈ, ਜਿਸ ਤੋਂ ਬਾਅਦ ਉਸ ਦੇ ਖ਼ਿਲਾਫ਼ ਇਹ ਮਾਮਲਾ ਦਰਜ ਕਰਵਾਇਆ ਤੇ ਅੱਜ ਇਸੇ ਮਾਮਲੇ 'ਚ ਅਦਾਲਤ ਨੇ ਦੋਸ਼ੀ ਕੁਲਵਿੰਦਰ ਕੌਰ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ |