ਢਾਈ ਮਿੰਟਾਂ 'ਚ 569 ਕਰੋੜ ਦਾ ਨਗਰ ਨਿਗਮ ਦਾ ਬਜਟ ਪਾਸ
ਅਜੀਤ ਡੈਸਕ
31-03-2026
ਸਿਫ਼ਰ ਕਾਲ 'ਚ ਗੰਦੇ ਪਾਣੀ, ਨਾਜਾਇਜ਼ ਕਾਲੋਨੀਆਂ, ਸਫ਼ਾਈ ਸੇਵਕਾਂ ਦੀ ਕਮੀ ਦੇ ਉੱਠੇ ਮੁੱਦੇ
ਨਗਰ ਨਿਗਮ ਹਾਊਸ ਦੀ ਮੀਟਿੰਗ 'ਚ ਅੱਜ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੇ ਸਿਫਰ ਕਾਲ ਵਿਚ ਸ਼ਹਿਰ 'ਚ ਗੰਦੇ ਪਾਣੀ ਦੀ ਸਪਲਾਈ ਤੋਂ ਇਲਾਵਾ ਨਾਜਾਇਜ਼ ਕਾਲੋਨੀਆਂ ਕੱਟਣ, ਸੀਵਰੇਜ ਬੰਦ ਦੇ ਮੁੱਦੇ ਭਾਰੂ ਰਹੇ | ਮੀਟਿੰਗ 'ਚ ਦੂਸ਼ਿਤ ਪਾਣੀ ਦੇ ਮੁੱਦੇ 'ਤੇ ਕਾਫੀ ਸਮੇਂ ਤੱਕ ਹੰਗਾਮਾ ਵੀ ਰਿਹਾ | ਵੱਡੀ ਗਿਣਤੀ ਵਿਚ ਕੌਂਸਲਰਾਂ ਵਲੋਂ ਆਪਣੇ-
ਆਪਣੇ ਵਾਰਡਾਂ ਦੇ ਮੁੱਦੇ ਪ੍ਰਮੁੱਖਤਾ ਨਾਲ ਉਠਾਏ ਗਏ | ਇਕ ਕੌਂਸਲਰ ਨੇ ਆਪਣੇ ਵਾਰਡ 'ਚ ਆ ਰਹੇ ਗੰਦੇ ਪਾਣੀ ਦੀਆਂ ਕਈ ਬੋਤਲਾਂ ਭਰ ਕੇ ਮੇਅਰ, ਕਮਿਸ਼ਨਰ ਦੇ ਸਾਹਮਣੇ ਰੱਖ ਦਿੱਤੀਆਂ ਜਿਹੜੀਆਂ ਕਿ ਪੂਰੀ ਮੀਟਿੰਗ ਦੌਰਾਨ ਹੀ ਪਈਆਂ ਰਹੀਆਂ |
14 ਕਰੋੜ ਦੀ ਲਾਗਤ ਨਾਲ ਨਵੀਆਂ ਲੱਗਣ ਜਾ ਰਹੀਆਂ ਟ੍ਰੈਫਿਕ ਲਾਈਟਾਂ
ਸਿਫ਼ਰ ਕਾਲ ਦੀ ਸਮਾਪਤੀ 'ਤੇ ਮੇਅਰ ਵਨੀਤ ਧੀਰ ਨੇ ਬਾਅਦ 'ਚ ਸਾਰੇ ਕੌਂਸਲਰਾਂ ਦੇ ਜਵਾਬ ਵੀ ਦਿੱਤੇ ਤੇ ਕੌਂਸਲਰਾਂ ਵਲੋਂ ਕੰਮਾਂ ਬਾਰੇ ਕੀਤੀਆਂ ਗਈਆਂ ਸ਼ਿਕਾਇਤਾਂ ਨੂੰ ਜਲਦੀ ਹੱਲ ਕਰਵਾਉਣ ਦੇ ਆਦੇਸ਼ ਦਿੱਤੇ | ਮੇਅਰ ਵਨੀਤ ਧੀਰ ਨੇ ਕਿਹਾ ਕਿ ਟਰਾਂਸਪੋਰਟ ਨਗਰ 'ਚ ਡਿਸਪੋਜ਼ਲ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਸਾਲਾਂ ਪੁਰਾਣੀਆਂ ਟ੍ਰੈਫਿਕ ਲਾਈਟਾਂ ਉਤਾਰ ਕੇ ਉਨਾਂ ਦੀ ਜਗਾਂ ਜਲਦੀ ਹੀ 14 ਕਰੋੜ ਦੀ ਲਾਗਤ ਨਾਲ ਡਿਜੀਟਲ ਟ੍ਰੈਫਿਕ ਲਾਈਟਾਂ ਲਗਾਈਆਂ ਜਾ ਰਹੀਆਂ ਹਨ | ਨਿਗਮ 'ਚ ਇਨ੍ਹਾਂ ਦਾ ਕੰਟਰੋਲ ਰੂਮ ਵੀ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ 50 ਤੋਂ ਜ਼ਿਆਦਾ ਟਿਊਬਵੈੱਲ ਲਗਾਏ ਗਏ ਹਨ ਜਦਕਿ 45 ਦੇ ਕਰੀਬ ਟਿਊਬਵੈੱਲ ਲੰਬਿਤ ਪਏ ਹਨ ਪਰ ਇਹ ਬਿਜਲੀ ਕੁਨੈਕਸ਼ਨਾਂ ਕਰਕੇ ਰੁਕੇ ਹਨ | ਇਨ੍ਹਾਂ ਲਈ ਜਲਦੀ ਕੁਨੈਕਸ਼ਨ ਲੈ ਕੇ ਟਿਊਬਵੈੱਲ ਚਲਾਏ ਜਾਣਗੇ | ਸ਼ਹਿਰ 'ਚ ਵੱਡੀਆਂ ਸੀਵਰਾਂ ਦੀ ਸਫ਼ਾਈ ਲਈ ਸੁਪਰ ਸੰਕਸ਼ਨ ਮਸ਼ੀਨ ਨਾਲ ਸਫ਼ਾਈ ਕਰਨ ਵਾਲੀਆਂ 7 ਹੋਰ ਏਜੰਸੀਆਂ ਜਲਦੀ ਕੰਮ ਕਰਨ ਜਾ ਰਹੀਆਂ ਹਨ | ਇਹ ਜ਼ਿਆਦਾ ਵੱਡੇ ਸੀਵਰਾਂ ਦੀ ਵੀ ਸਫ਼ਾਈ ਕਰ ਸਕਣਗੀਆਂ | ਇਸ ਤੋਂ ਇਲਾਵਾ 33 ਇਸ ਤਰ੍ਹਾਂ ਦੇ ਪਲਾਟਾਂ ਖ਼ਿਲਾਫ਼ ਕਾਰਵਾਈ ਹੋਵੇਗੀ ਜਿੱਥੋਂ ਕਿ ਕੂੜਾ ਨਹੀਂ ਚੁੱਕਿਆ ਗਿਆ ਹੈ | ਕਈ ਛੋਟੇ-ਛੋਟੇ ਡੰਪ ਬੰਦ ਕੀਤੇ ਗਏ ਹਨ | ਲਾਵਾਰਸ ਕੁੱਤਿਆਂ ਲਈ ਰੈਣ ਬਸੇਰਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ | ਰੇਹੜੀਆਂ ਤੋਂ ਆਮਦਨ ਵਧ ਕੇ 2.25 ਕਰੋੜ ਹੋ ਗਈ ਹੈ |