ਜਲੰਧਰ, 25 ਮਾਰਚ (ਐੱਮ. ਐੱਸ. ਲੋਹੀਆ) ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਨੇ ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਅਤੇ ਸਮੂਹ ਐੱਸ.ਐੱਮ.ਓਜ਼ ਨਾਲ ਮੀਟਿੰਗ ਕਰਕੇ ਮੁੱਖ ਮੰਤਰੀ ਸਿਹਤ ਯੋਜਨਾ, ਆਮ ਆਦਮੀ ਕਲੀਨਿਕ, ਐੱਚ.ਪੀ.ਵੀ. ਟੀਕਾਕਰਨ ਅਤੇ 100 ਦਿਨਾਂ ਦੀ ਇੰਟੈਸਿਵ ਟੀ.ਬੀ. ਐਲੀਮਿਨੇਸ਼ਨ ਕੈਂਪੇਨ 'ਤੇ ਚਰਚਾ ਕੀਤੀ ਅਤੇ ਸਮੂਹ ਐੱਸ.ਐੱਮ.ਓਜ਼ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ | ਸਿਵਲ ਸਰਜਨ ਨੇ ਹਦਾਇਤ ਦਿੱਤੀ ਕਿ ਐੱਮ.ਐੱਮ.ਐੱਸ.ਵਾਈ. ਦੇ ਨਾਮਾਂਕਣ ਲਈ ਨਰਸਿੰਗ ਵਿਦਿਆਰਥਣਾਂ ਅਤੇ ਆਸ਼ਾ ਵਰਕਰਾਂ ਦਾ ਯੋਗਦਾਨ ਯਕੀਨੀ ਬਣਾਉਂਦੇ ਹੋਏ ਉਪਰਾਲੇ ਕੀਤੇ ਜਾਣ ਅਤੇ ਨਰਸਿੰਗ ਵਿਦਿਆਰਥਣਾਂ ਦੇ ਸਮਰਥਨ ਨਾਲ ਜ਼ਿਲ੍ਹਾ ਹਸਪਤਾਲਾਂ, ਸਬ-ਡਿਵੀਜ਼ਨਲ ਹਸਪਤਾਲਾਂ ਅਤੇ ਕਮਿਊਨਿਟੀ ਹੈੱਲਥ ਸੈਂਟਰਾਂ ਦੀ ਓ.ਪੀ.ਡੀ. 'ਚ ਐੱਮ.ਐੱਮ.ਐੱਸ.ਵਾਈ. ਤਹਿਤ ਨਾਮਾਂਕਣ ਨੂੰ ਯਕੀਨੀ ਬਣਾਇਆ ਜਾਵੇ | ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਜ਼ਿਲ੍ਹੇ 'ਚ ਬਸਤੀ ਸ਼ੇਖ, ਓਲਡ ਤਹਿਸੀਲ ਕਰਤਾਰਪੁਰ, ਮਲਕੋ ਤਰਾੜ ਨਕੋਦਰ ਰੋਡ, ਮੁਹੱਲਾ ਗਾਂਓਾ ਸੁਵਿਧਾ ਕੇਂਦਰ ਨਕੋਦਰ, ਨੰਗਲ ਸ਼ਾਮਾ, ਰਾਮਗੜੀਆ ਮੁਹੱਲਾ, ਰਹਿਮਾਨਪੁਰਾ, ਸੇਵਾ ਕੇਂਦਰ ਫਿਲੌਰ ਅਤੇ ਗਵਰਨਮੈਂਟ ਐਲੀਮੈਂਟਰੀ ਸਕੂਲ ਸਾਬੋਵਾਲ ਵਿਖੇ 9 ਨਵੇਂ ਆਮ ਆਦਮੀ ਕਲੀਨਿਕ 28 ਮਾਰਚ 2026 ਤੋਂ ਖੁਲ੍ਹ ਰਹੇ ਹਨ | ਉਨ੍ਹਾਂ ਨੇ ਸਮੂਹ ਐੱਸ.ਐੱਮ.ਓਜ਼. ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਕਲੀਨਿਕਾਂ 'ਚ ਮਰੀਜ਼ਾਂ ਨੂੰ 102 ਤਰ੍ਹਾਂ ਦੀਆਂ ਦਵਾਈਆਂ ਬਿਨਾ ਕਿਸੇ ਖ਼ਰਚ ਦੇ ਮਿਲਣਗੀਆਂ, ਇਸ ਦੇ ਨਾਲ ਹੀ 47 ਤਰ੍ਹਾਂ ਦੇ ਲੈਬ ਟੈਸਟ ਦੀ ਸੁਵਿਧਾ, ਗਰਭਵਤੀ ਔਰਤਾਂ ਲਈ ਐਮਪੈਨਲਡ ਸੈਂਟਰ 'ਤੇ ਮੁਫ਼ਤ ਸਕੈਨਿੰਗ ਅਤੇ ਓ.ਪੀ.ਡੀ. ਦੌਰਾਨ ਐਂਟੀ ਰੈਬੀਜ਼ ਵੈਕਸੀਨ ਦੀ ਸੁਵਿਧਾ ਵੀ ਮੁਫ਼ਤ ਉਪਲਬਧ ਹੋਵੇਗੀ |