ਜਲੰਧਰ, 25 ਮਾਰਚ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਜਲੰਧਰ ਵਲੋਂ 100 ਦਿਨਾਂ ਦੇ ਇੰਟੈਂਸਿਫਾਈਡ ਟੀ.ਬੀ. ਅਲੀਮੀਨੇਸ਼ਨ ਕੈਂਪੇਨ ਤਹਿਤ ਟੀ.ਬੀ. ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀਆਂ ਹਦਾਇਤਾਂ 'ਤੇ ਸਹਾਇਕ ਸਿਹਤ ਅਫ਼ਸਰ ਡਾ. ਮੀਰਾ ਵਲੋਂ ਪ੍ਰੋਗਰਾਮ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਐਨ.ਟੀ.ਈ.ਪੀ. ਸਟਾਫ਼ ਤੇ ਆਸ਼ਾ ਵਰਕਰਾਂ ਨੂੰ ਸੈਂਸੇਟਾਈਜ਼ ਕੀਤਾ ਗਿਆ, ਤਾਂ ਜੋ ਇਹ ਸੁਨੇਹਾ ਹਰ ਜ਼ਰੂਰਤਮੰਦ ਵਿਅਕਤੀ ਤੱਕ ਪਹੁੰਚ ਸਕੇ | ਇਸ ਦੌਰਾਨ 100 ਦਿਨਾਂ ਦੀ ਇੰਟੈਂਸਿਫਾਈਡ ਟੀ.ਬੀ. ਅਲੀਮੀਨੇਸ਼ਨ ਕੈਂਪੇਨ ਸੰਬੰਧੀ ਜਾਗਰੂਕਤਾ ਸਮੱਗਰੀ (ਬੈਨਰ, ਪੋਸਟਰ) ਵੰਡੀ ਗਈ | ਇਸ ਮੌਕੇ ਡਾ. ਮੀਰਾ ਨੇ ਜਾਣਕਾਰੀ ਦਿੱਤੀ ਕਿ ਵਿਸ਼ਵ ਟੀ.ਬੀ. ਦਿਵਸ 2026 ਦਾ ਵਿਸ਼ਾ ਹਾਂ | ਅਸੀਂ ਟੀ.ਬੀ. ਨੂੰ ਖ਼ਤਮ ਕਰ ਸਕਦੇ ਹਾਂ | ਟੀ.ਬੀ. ਨੂੰ ਖ਼ਤਮ ਕਰਨ ਦੇ ਸਮੂਹਿਕ ਸੰਕਲਪ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਵੀ ਇਸ ਮੌਕੇ ਟੀ.ਬੀ. ਨੂੰ ਖ਼ਤਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ ਅਤੇ ਇਸਦੇ ਇਲਾਜ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਟੀ.ਬੀ. ਦੇ ਖ਼ਾਤਮੇ ਲਈ ਸਮੂਹਿਕ ਯਤਨਾਂ ਨੂੰ ਹੋਰ ਤੇਜ਼ ਕਰਨ ਦੀ ਲੋੜ 'ਤੇ ਜੋਰ ਦਿੱਤਾ | ਜ਼ਿਲ੍ਹਾ ਟੀ.ਬੀ. ਅਫ਼ਸਰ (ਕਾਰਜਕਾਰੀ) ਡਾ. ਪਰਮਵੀਰ ਸਿੰਘ ਨੇ ਕਿਹਾ ਕਿ ਟੀ.ਬੀ. ਲਾਇਲਾਜ ਨਹੀਂ ਹੈ, ਸਰਕਾਰ ਟੀ.ਬੀ. ਦੇ ਮਰੀਜ਼ਾਂ ਨੂੰ ਚੰਗੀ ਗੁਣਵੱਤਾ ਵਾਲੀਆਂ ਦਵਾਈਆਂ, ਜਾਂਚ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਜੋ ਕਿ ਪ੍ਰਭਾਵਸ਼ਾਲੀ ਅਤੇ ਮੁਫ਼ਤ ਹਨ | ਮੈਡੀਕਲ ਅਫ਼ਸਰ ਡਾ. ਰਘੂ ਸੱਭਰਵਾਲ ਨੇ ਕਿਹਾ ਕਿ ਟੀ.ਬੀ. ਦਾ ਰੋਗ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫ਼ੈਲਦਾ ਹੈ, ਜੇਕਰ ਕਿਸੇ ਵਿਅਕਤੀ ਨੂੰ ਦੋ ਹਫ਼ਤੇ ਤੋਂ ਵੱਧ ਖੰਘ, ਸ਼ਾਮ ਸਮੇਂ ਹਲਕਾ ਬੁਖ਼ਾਰ, ਲਗਾਤਾਰ ਭਾਰ ਘੱਟਣਾ, ਥਕਾਵਟ ਅਤੇ ਭੁੱਖ ਘੱਟ ਲੱਗਣ ਦੀ ਸ਼ਿਕਾਇਤ ਆਦਿ ਲੱਛਣ ਹੋਣ ਤਾਂ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ 'ਚ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ | ਸਮਾਰੋਹ ਦੌਰਾਨ ਵਿਦਿਆਰਥਿਆਂ ਵਲੋਂ ਨੁੱਕੜ ਨਾਟਕ ਪੇਸ਼ ਕਰਕੇ ਟੀ.ਬੀ. ਦੀ ਰੋਕਥਾਮ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਮੌਕੇ ਮੈਡੀਕਲ ਅਫ਼ਸਰ ਡਾ. ਪ੍ਰੀਤਇੰਦਰ ਸਿੰਘ, ਏ.ਸੀ.ਐਫ਼. ਕੋਆਰਡੀਨੇਟਰ ਡਾ. ਜੋਤੀ ਬਾਲਾ, ਡਿਪਟੀ ਐੱਮ.ਈ.ਆਈ.ਓ. ਅਸੀਮ ਸ਼ਰਮਾ, ਡਬਲਯੂ.ਐੱਚ.ਪੀ. (ਵਰਲਡ ਹੈੱਲਥ ਪਾਰਟਨਰ) ਮਿਸ ਨੀਲਮ, ਸ੍ਰੀਮਤੀ ਏਕਤਾ, ਅਮਿਤ ਅਤੇ ਸਮੂਹ ਐਨ.ਟੀ.ਈ.ਪੀ. ਸਟਾਫ਼ ਮੌਜੂਦ ਸੀ |